ਤਾਜਾ ਖਬਰਾਂ
ਪੰਜਾਬ ਵਿੱਚ ਵਧ ਰਹੇ ਅਪਰਾਧਾਂ ਅਤੇ ਨਸ਼ਿਆਂ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵੱਖਰੀ ਅਤੇ ਨਵੀਂ ਪਹਿਲਕਦਮੀ ਕੀਤੀ ਹੈ। ਪੁਲਿਸ ਥਾਣਿਆਂ ਵਿੱਚ ਨਫ਼ਰੀ ਦੀ ਘਾਟ ਨੂੰ ਮੁੱਖ ਰੱਖਦਿਆਂ ਆਪਣੀ ਸੁਰੱਖਿਆ ਵਿੱਚ ਤਾਇਨਾਤ 6 ਪੁਲਿਸ ਕਰਮਚਾਰੀਆਂ ਨੂੰ ਵਾਪਸ ਬੁਲਾ ਕੇ ਥਾਣਿਆਂ 'ਚ ਭੇਜਣ ਲਈ ਡੀਜੀਪੀ ਨੂੰ ਚਿੱਠੀ ਲਿਖਣ ਤੋਂ ਅਗਲੇ ਹੀ ਦਿਨ, ਸੀਚੇਵਾਲ ਨੇ ਆਪਣੇ ਜੱਦੀ ਪਿੰਡ ਸੀਚੇਵਾਲ ਤੋਂ 'ਆਪਣਾ ਪਿੰਡ ਸੰਭਾਲੋ' ਮੁਹੀਮ ਦਾ ਆਗਾਜ਼ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਖ਼ੁਦ ਚੁੱਕਣ।
ਆਪ (AAP) ਸੰਸਦ ਮੈਂਬਰ ਦੇ ਇਸ ਕਦਮ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਰਕਾਰੀ ਹਲਕਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ। ਬੁੱਧਵਾਰ ਦੁਪਹਿਰ ਨੂੰ ਜਲੰਧਰ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ ਨੇ ਪਿੰਡ ਸੀਚੇਵਾਲ ਪਹੁੰਚ ਕੇ ਬਾਬਾ ਸੀਚੇਵਾਲ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਹਾਲ ਹੀ 'ਚ ਹੋਈਆਂ ਲੁੱਟ-ਖੋਹਾਂ ਅਤੇ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
'ਆਪਣੇ ਪਿੰਡ ਨੂੰ ਬਚਾਓ, ਆਪਣੇ ਬੱਚਿਆਂ ਦੀ ਰੱਖਿਆ ਕਰੋ' ਦਾ ਨਾਅਰਾ ਦਿੰਦਿਆਂ ਸੀਚੇਵਾਲ ਨੇ ਦੱਸਿਆ ਕਿ ਇਸ ਮੁਹੀਮ ਤਹਿਤ ਪਿੰਡ ਵਾਸੀ ਵਾਰੀ-ਵਾਰੀ ਰਾਤਾਂ ਨੂੰ ਗਸ਼ਤ (ਠੀਕਰੀ ਪਹਿਰਾ) ਕਰਨਗੇ ਅਤੇ ਪਿੰਡਾਂ ਦੇ ਮੁੱਖ ਤੇ ਸੰਵੇਦਨਸ਼ੀਲ ਮੋੜਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਪਿੰਡ ਤਲਵੰਡੀ ਮਾਧੋ ਦੇ ਲੋਕਾਂ ਨੇ ਇੱਕ ਦਿਨ ਨਾਕਾਬੰਦੀ ਕਰ ਕੇ ਲਗਭਗ 75 ਨਸ਼ੇੜੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਸੀ। ਜੇਕਰ ਹਰ ਪਿੰਡ ਇਸੇ ਤਰ੍ਹਾਂ ਪਹਿਰਾ ਦੇਵੇ, ਤਾਂ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਦਾ ਪਿੰਡਾਂ 'ਚ ਦਾਖਲਾ ਬੰਦ ਕੀਤਾ ਜਾ ਸਕਦਾ ਹੈ।
ਬਾਬਾ ਸੀਚੇਵਾਲ ਨੇ ਮਈ 2022 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੰਦ ਕਮਰਾ ਮੀਟਿੰਗ ਵਿੱਚ ਨਸ਼ਾ ਛੁਡਾਊ ਕੇਂਦਰਾਂ ਦੇ ਕੰਮਕਾਜ 'ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਸੀ ਕਿ ਜਿਵੇਂ ਸਰਕਾਰ ਸ਼ਰਾਬ ਦੀ ਵਿਕਰੀ 'ਤੇ ਨਿਗਰਾਨੀ ਰੱਖਦੀ ਹੈ, ਉਸੇ ਤਰ੍ਹਾਂ ਸਿੰਥੈਟਿਕ ਨਸ਼ਿਆਂ 'ਤੇ ਵੀ ਸਰਕਾਰੀ ਨਿਯੰਤਰਣ ਦੀ ਇੱਕ ਨਵੀਂ ਨੀਤੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਨਸ਼ਾ ਪੀੜਤਾਂ ਦਾ ਸਹੀ ਢੰਗ ਨਾਲ ਇਲਾਜ ਅਤੇ ਪੁਨਰਵਾਸ ਹੋ ਸਕੇ।
Get all latest content delivered to your email a few times a month.