IMG-LOGO
ਹੋਮ ਪੰਜਾਬ: ਵਿਸ਼ਵ ਹੈਪੇਟਾਈਟਿਸ ਦਿਵਸ 2026: ਬਰਸਾਤੀ ਮੌਸਮ 'ਚ ਹੈਪੇਟਾਈਟਿਸ-ਈ ਤੋਂ ਰਹੋ...

ਵਿਸ਼ਵ ਹੈਪੇਟਾਈਟਿਸ ਦਿਵਸ 2026: ਬਰਸਾਤੀ ਮੌਸਮ 'ਚ ਹੈਪੇਟਾਈਟਿਸ-ਈ ਤੋਂ ਰਹੋ ਸਾਵਧਾਨ, ਉੱਚ ਜੋਖਿਮ ਵਾਲੇ ਲੋਕ ਤੁਰੰਤ ਲੈਣ ਡਾਕਟਰੀ ਸਲਾਹ: ਡਾ. ਅਰਵਿੰਦ ਸਾਹਨੀ

Admin User - Jul 29, 2026 09:03 PM
IMG

ਬਰਸਾਤ ਦੇ ਮੌਸਮ ਦੌਰਾਨ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਵਧਦੇ ਖਤਰੇ ਨੂੰ ਦੇਖਦਿਆਂ ਵਿਸ਼ਵ ਹੈਪੇਟਾਈਟਿਸ ਦਿਵਸ 2026 ਮੌਕੇ ਜਿਗਰ ਰੋਗਾਂ ਦੇ ਮਾਹਿਰਾਂ ਨੇ ਹੈਪੇਟਾਈਟਿਸ-ਈ ਪ੍ਰਤੀ ਲੋਕਾਂ ਨੂੰ ਵਧੇਰੇ ਸਚੇਤ ਰਹਿਣ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਬਿਮਾਰੀ ਜ਼ਿਆਦਾਤਰ ਮਾਮਲਿਆਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ, ਪਰ ਗਰਭਵਤੀ ਮਹਿਲਾਵਾਂ, ਜਿਗਰ ਦੀ ਪੁਰਾਣੀ ਬਿਮਾਰੀ ਨਾਲ ਪੀੜਤ ਮਰੀਜ਼ਾਂ, ਅੰਗ ਟ੍ਰਾਂਸਪਲਾਂਟ ਕਰਵਾ ਚੁੱਕੇ ਵਿਅਕਤੀਆਂ ਅਤੇ ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਲਈ ਇਹ ਗੰਭੀਰ ਅਤੇ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।

ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਵੀ ਹੈਪੇਟਾਈਟਿਸ-ਈ ਨੂੰ ਵਿਸ਼ਵ ਪੱਧਰ ਦੀ ਇੱਕ ਮਹੱਤਵਪੂਰਨ ਜਨ ਸਿਹਤ ਚੁਣੌਤੀ ਮੰਨਿਆ ਗਿਆ ਹੈ। ਇਹ ਵਾਇਰਸ ਮੁੱਖ ਤੌਰ 'ਤੇ ਦੂਸ਼ਿਤ ਪੀਣ ਵਾਲੇ ਪਾਣੀ ਅਤੇ ਖਰਾਬ ਸਫ਼ਾਈ ਕਾਰਨ ਫੈਲਦਾ ਹੈ, ਜਿਸ ਕਰਕੇ ਮਾਨਸੂਨ ਦੇ ਮੌਸਮ ਵਿੱਚ ਇਸ ਦੇ ਮਾਮਲੇ ਵਧਣ ਦੀ ਸੰਭਾਵਨਾ ਰਹਿੰਦੀ ਹੈ।

ਫੋਰਟਿਸ ਹਸਪਤਾਲ, ਮੋਹਾਲੀ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਅਰਵਿੰਦ ਸਾਹਨੀ ਨੇ ਕਿਹਾ ਕਿ ਹਰ ਸਾਲ ਬਰਸਾਤ ਦੌਰਾਨ ਟਾਇਫਾਇਡ ਅਤੇ ਹੈਪੇਟਾਈਟਿਸ-ਏ ਬਾਰੇ ਤਾਂ ਲੋਕ ਕਾਫ਼ੀ ਜਾਗਰੂਕ ਹੁੰਦੇ ਹਨ, ਪਰ ਹੈਪੇਟਾਈਟਿਸ-ਈ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਖਾਸ ਤੌਰ 'ਤੇ ਉੱਚ ਜੋਖਿਮ ਵਾਲੇ ਮਰੀਜ਼ਾਂ ਲਈ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ, ਇਸ ਲਈ ਕਿਸੇ ਵੀ ਲੱਛਣ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।

ਉਨ੍ਹਾਂ ਦੱਸਿਆ ਕਿ ਜੇਕਰ ਪੀਲੀਆ, ਗੂੜ੍ਹੇ ਰੰਗ ਦਾ ਪਿਸ਼ਾਬ, ਲਗਾਤਾਰ ਥਕਾਵਟ, ਮਤਲੀ, ਉਲਟੀਆਂ ਜਾਂ ਭੁੱਖ ਘੱਟ ਲੱਗਣ ਵਰਗੇ ਲੱਛਣ ਦਿਖਾਈ ਦੇਣ ਤਾਂ ਆਪਣੇ ਆਪ ਦਵਾਈ ਲੈਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।

ਡਾ. ਸਾਹਨੀ ਨੇ ਕਿਹਾ ਕਿ ਭਾਰਤ ਵਿੱਚ ਜਾਰੀ ਨਵੇਂ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਵਿੱਚ ਵੀ ਜਿਗਰ ਦੇ ਮਰੀਜ਼ਾਂ ਅਤੇ ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਲਈ ਹੈਪੇਟਾਈਟਿਸ-ਈ ਤੋਂ ਬਚਾਅ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਰਫ਼ ਸਾਫ਼ ਅਤੇ ਸੁਰੱਖਿਅਤ ਪਾਣੀ ਪੀਣ, ਗੰਦੇ ਸਥਾਨਾਂ 'ਤੇ ਤਿਆਰ ਭੋਜਨ ਤੋਂ ਪਰਹੇਜ਼ ਕਰਨ, ਖਾਣ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਣ ਅਤੇ ਪੀਲੀਆ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ।

ਉਨ੍ਹਾਂ ਇਹ ਵੀ ਕਿਹਾ ਕਿ ਉੱਚ ਜੋਖਿਮ ਵਾਲੇ ਵਿਅਕਤੀ ਆਪਣੇ ਡਾਕਟਰ ਨਾਲ ਡੀਸੀਜੀਆਈ (DCGI) ਵੱਲੋਂ ਮਨਜ਼ੂਰਸ਼ੁਦਾ ਹੈਪੇਟਾਈਟਿਸ-ਈ ਵੈਕਸੀਨ ਸਮੇਤ ਉਪਲਬਧ ਬਚਾਅ ਦੇ ਵਿਕਲਪਾਂ ਬਾਰੇ ਸਲਾਹ ਜ਼ਰੂਰ ਲੈਣ। ਡਾ. ਸਾਹਨੀ ਨੇ ਕਿਹਾ ਕਿ ਵਿਸ਼ਵ ਹੈਪੇਟਾਈਟਿਸ ਦਿਵਸ ਦਾ ਸੰਦੇਸ਼ ਸਪੱਸ਼ਟ ਹੈ ਕਿ ਇਲਾਜ ਨਾਲੋਂ ਬਚਾਅ ਬਿਹਤਰ ਹੈ ਅਤੇ ਜਾਗਰੂਕਤਾ, ਸਫ਼ਾਈ ਅਤੇ ਸਮੇਂ ਸਿਰ ਜਾਂਚ ਰਾਹੀਂ ਹੈਪੇਟਾਈਟਿਸ-ਈ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.