ਤਾਜਾ ਖਬਰਾਂ
ਲੁਧਿਆਣਾ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਨੇ ਆਪਣੀ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਲੁਧਿਆਣਾ ਈਸਟ ਰੇਂਜ ਵਿੱਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਸ਼ਹਿਰ ਦੇ ਕਈ ਪ੍ਰਸਿੱਧ ਢਾਬਿਆਂ, ਚਿਕਨ ਕਾਰਨਰਾਂ, ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਅਚਾਨਕ ਅਤੇ ਬਾਰੀਕੀ ਨਾਲ ਜਾਂਚ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ।
ਇਹ ਵਿਸ਼ੇਸ਼ ਮੁਹਿੰਮ ਡਿਪਟੀ ਕਮਿਸ਼ਨਰ ਐਕਸਾਈਜ਼ ਪਟਿਆਲਾ (ਪੀ.ਸੀ.ਐੱਸ.) ਖੁਸ਼ਦਿਲ ਸਿੰਘ ਦੀ ਨਿਗਰਾਨੀ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਮਿਤ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ। ਮੁਹਿੰਮ ਦੀ ਅਗਵਾਈ ਐਕਸਾਈਜ਼ ਅਫ਼ਸਰ ਵਿਕਾਸ ਕੁਮਾਰ, ਸੋਰਵਪ੍ਰੀਤ ਸਿੰਘ ਅਤੇ ਇੰਸਪੈਕਟਰਾਂ ਦੀ ਟੀਮ ਨੇ ਕੀਤੀ, ਜਿਨ੍ਹਾਂ ਵੱਲੋਂ ਵੱਖ-ਵੱਖ ਸਥਾਨਾਂ 'ਤੇ ਅਚਾਨਕ ਚੈਕਿੰਗ ਕਰਕੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ।
ਜਾਂਚ ਦੌਰਾਨ ਲਾਰਕ ਢਾਬਾ, ਡੋਗਰਾ ਢਾਬਾ, ਸ਼ੇਰੇ ਪੰਜਾਬ, ਚਾਵਲਾਜ਼ ਅਤੇ ਅਮਨ ਸਨੈਕਸ ਸਮੇਤ ਕਈ ਮਸ਼ਹੂਰ ਢਾਬਿਆਂ ਅਤੇ ਚਿਕਨ ਕਾਰਨਰਾਂ ਦੀ ਤਫ਼ਤੀਸ਼ ਕੀਤੀ ਗਈ। ਟੀਮ ਨੇ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਬੇਨਿਯਮਤਾ ਦੀ ਜਾਂਚ ਕੀਤੀ, ਪਰ ਕਿਸੇ ਵੀ ਸਥਾਨ 'ਤੇ ਕੋਈ ਉਲੰਘਣਾ ਸਾਹਮਣੇ ਨਹੀਂ ਆਈ।
ਇਸ ਤੋਂ ਇਲਾਵਾ ਲੁਧਿਆਣਾ ਈਸਟ-ਏ ਅਤੇ ਈਸਟ-ਬੀ ਖੇਤਰ ਵਿੱਚ ਸਥਿਤ ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਵੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇੱਥੇ ਵੀ ਸਾਰੇ ਲਾਇਸੈਂਸਧਾਰੀ ਅਦਾਰੇ ਨਿਯਮਾਂ ਅਨੁਸਾਰ ਚੱਲਦੇ ਮਿਲੇ ਅਤੇ ਕੋਈ ਗੈਰ-ਕਾਨੂੰਨੀ ਗਤੀਵਿਧੀ ਜਾਂ ਬੇਨਿਯਮਤਾ ਦਰਜ ਨਹੀਂ ਹੋਈ।
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਸਰਕਾਰੀ ਮਾਲੀ ਹਿੱਤਾਂ ਦੀ ਰੱਖਿਆ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ, ਸਟੋਰੇਜ ਅਤੇ ਵਿਕਰੀ ਖ਼ਿਲਾਫ਼ ਸਖ਼ਤ ਨਿਗਰਾਨੀ ਜਾਰੀ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਅਦਾਰੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਚਾਨਕ ਛਾਪੇਮਾਰੀ ਅਤੇ ਜਾਂਚਾਂ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ।
Get all latest content delivered to your email a few times a month.