ਤਾਜਾ ਖਬਰਾਂ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਐਲਾਨ ਕੀਤਾ ਹੈ ਕਿ 29 ਜੁਲਾਈ 2026 ਨੂੰ ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਤੋਂ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ 'ਸਮਰਸਤਾ ਸੰਕਲਪ ਅਭਿਆਨ' ਦੀ ਸੂਬਾ ਪੱਧਰ 'ਤੇ ਸ਼ੁਰੂਆਤ ਕੀਤੀ ਜਾਵੇਗੀ। ਇਹ ਰਾਸ਼ਟਰਵਿਆਪੀ ਮੁਹਿੰਮ ਭਾਜਪਾ ਦੀ ਰਾਸ਼ਟਰੀ ਅਗਵਾਈ ਹੇਠ 29 ਜੁਲਾਈ 2026 ਤੋਂ 20 ਫ਼ਰਵਰੀ 2027 (ਮਾਘ ਪੂਰਨਿਮਾ) ਤੱਕ ਚੱਲੇਗੀ, ਜਿਸ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਮਾਨਤਾ, ਸਮਾਜਿਕ ਨਿਆਂ, ਸਨਮਾਨ ਅਤੇ ਸਮਰਸਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।
ਅਭਿਆਨ ਦੀ ਸ਼ੁਰੂਆਤ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਦੀਪ ਮਹੋਤਸਵ' ਨਾਲ ਹੋਵੇਗੀ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਗੁਰੂ ਰਵਿਦਾਸ ਮੰਦਰਾਂ ਵਿੱਚ ਦੀਪ ਪ੍ਰਜਵਲਿਤ ਕੀਤੇ ਜਾਣਗੇ ਅਤੇ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸੱਭਿਆਚਾਰਕ ਸਮਾਗਮਾਂ ਅਤੇ ਸੰਗਤੀ ਲੰਗਰਾਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਤੋਂ ਬਾਅਦ 29 ਜੁਲਾਈ ਤੋਂ 10 ਸਤੰਬਰ ਤੱਕ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕਲਸ਼ ਵੰਦਨ ਅਭਿਆਨ' ਚਲਾਇਆ ਜਾਵੇਗਾ। ਇਸ ਤਹਿਤ ਵਾਰਾਣਸੀ ਦੇ ਸੀਰ ਗੋਵਰਧਨਪੁਰ ਸਥਿਤ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੀ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਨੂੰ ਪੰਜਾਬ ਦੇ ਵੱਖ-ਵੱਖ ਗੁਰੂ ਰਵਿਦਾਸ ਮੰਦਰਾਂ ਵਿੱਚ ਸ਼ਰਧਾ ਨਾਲ ਪਹੁੰਚਾਇਆ ਜਾਵੇਗਾ।
ਇਸੇ ਲੜੀ ਤਹਿਤ 29 ਜੁਲਾਈ ਤੋਂ 31 ਅਗਸਤ ਤੱਕ 'ਸੰਤ ਸੰਪਰਕ ਅਭਿਆਨ' ਚਲਾਇਆ ਜਾਵੇਗਾ, ਜਿਸ ਦੌਰਾਨ ਭਾਜਪਾ ਦੇ ਆਗੂ ਅਤੇ ਕਾਰਕੁਨ ਗੁਰੂ ਰਵਿਦਾਸ ਪਰੰਪਰਾ ਨਾਲ ਜੁੜੇ ਸੰਤ-ਮਹਾਂਪੁਰਸ਼ਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ 5 ਅਕਤੂਬਰ ਤੋਂ 5 ਨਵੰਬਰ ਤੱਕ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਯਾਤਰਾ' ਡੇਰਾ ਸੱਚਖੰਡ ਬੱਲਾਂ (ਜਲੰਧਰ) ਤੋਂ ਵਾਰਾਣਸੀ ਦੇ ਸੀਰ ਗੋਵਰਧਨਪੁਰ ਤੱਕ ਕੱਢੀ ਜਾਵੇਗੀ, ਜਿਸ ਰਾਹੀਂ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਮਾਜਿਕ ਸਮਰਸਤਾ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਅਭਿਆਨ ਦੇ ਅੰਤਿਮ ਪੜਾਅ ਵਿੱਚ 26 ਨਵੰਬਰ 2026 ਤੋਂ 15 ਜਨਵਰੀ 2027 ਤੱਕ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਦਿਆਰਥੀ ਹੋਸਟਲ ਸੰਪਰਕ ਅਭਿਆਨ' ਚਲਾਇਆ ਜਾਵੇਗਾ। ਇਸ ਤਹਿਤ ਵੱਖ-ਵੱਖ ਹੋਸਟਲਾਂ ਵਿੱਚ ਸਮਰਸਤਾ ਸੰਵਾਦ ਪ੍ਰੋਗਰਾਮ ਕਰਵਾਏ ਜਾਣਗੇ, ਜਿੱਥੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੋੜਿਆ ਜਾਵੇਗਾ।
ਇਸ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਭਾਜਪਾ ਵੱਲੋਂ ਡਾ. ਜਗਮੋਹਨ ਸਿੰਘ ਰਾਜੂ (ਸੇਵਾਮੁਕਤ ਆਈ.ਏ.ਐਸ.) ਦੀ ਕਨਵੀਨਰਸ਼ਿਪ ਹੇਠ ਸੂਬਾ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਕਮੇਟੀ ਵਿੱਚ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ, ਰਵੀ ਇੰਦਰ ਕਾਹਲੋਂ, ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ. ਲਾਧੜ, ਸ਼੍ਰੀਮਤੀ ਰੇਣੂ ਕਸ਼ਯਪ ਅਤੇ ਭਾਨੂ ਪ੍ਰਤਾਪ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਇਹ ਮੁਹਿੰਮ ਸਮਾਜ ਵਿੱਚ ਭਾਈਚਾਰਾ, ਸਮਾਨਤਾ ਅਤੇ ਸਮਾਜਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
Get all latest content delivered to your email a few times a month.