ਤਾਜਾ ਖਬਰਾਂ
ਆਮਦਨ ਕਰ ਰਿਟਰਨ (Income Tax Return-ITR) ਭਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਕਈ ਟੈਕਸਦਾਤਾ ਇਹ ਸੋਚਦੇ ਹਨ ਕਿ ਜੇਕਰ ਉਹ ਇਸ ਮਿਤੀ ਤੋਂ ਬਾਅਦ ITR ਫਾਈਲ ਕਰਨਗੇ ਤਾਂ ਸਿਰਫ਼ ਲੇਟ ਫੀਸ ਭਰ ਕੇ ਕੰਮ ਚੱਲ ਜਾਵੇਗਾ। ਪਰ ਅਸਲ ਵਿੱਚ ਦੇਰੀ ਨਾਲ ITR ਭਰਨ ਕਾਰਨ ਨਾ ਸਿਰਫ਼ ਜੁਰਮਾਨਾ ਲੱਗਦਾ ਹੈ, ਸਗੋਂ ਕਈ ਹੋਰ ਵਿੱਤੀ ਨੁਕਸਾਨ ਵੀ ਝੱਲਣੇ ਪੈ ਸਕਦੇ ਹਨ।
ਇਨਕਮ ਟੈਕਸ ਐਕਟ ਦੀ ਧਾਰਾ 234F ਅਨੁਸਾਰ, 31 ਜੁਲਾਈ ਤੋਂ ਬਾਅਦ ITR ਫਾਈਲ ਕਰਨ 'ਤੇ ਵੱਧ ਤੋਂ ਵੱਧ ₹5,000 ਦੀ ਲੇਟ ਫੀਸ ਦੇਣੀ ਪੈਂਦੀ ਹੈ। ਜੇਕਰ ਕਿਸੇ ਟੈਕਸਦਾਤਾ ਦੀ ਸਾਲਾਨਾ ਆਮਦਨ ₹5 ਲੱਖ ਤੋਂ ਘੱਟ ਹੈ, ਤਾਂ ਉਸ ਲਈ ਇਹ ਜੁਰਮਾਨਾ ਵੱਧ ਤੋਂ ਵੱਧ ₹1,000 ਤੱਕ ਸੀਮਿਤ ਰਹਿੰਦਾ ਹੈ।
ਜੇਕਰ ਕਿਸੇ ਵਿਅਕਤੀ ਉੱਤੇ ਟੈਕਸ ਬਕਾਇਆ ਹੈ ਅਤੇ ਉਹ ਸਮੇਂ ਸਿਰ ITR ਜਮ੍ਹਾਂ ਨਹੀਂ ਕਰਦਾ, ਤਾਂ ਧਾਰਾ 234A ਦੇ ਤਹਿਤ 1 ਅਗਸਤ ਤੋਂ ਹਰ ਮਹੀਨੇ 1 ਫੀਸਦੀ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ। ਇਹ ਵਿਆਜ ਉਸ ਦਿਨ ਤੱਕ ਲੱਗਦਾ ਰਹੇਗਾ, ਜਦੋਂ ਤੱਕ ਰਿਟਰਨ ਫਾਈਲ ਨਹੀਂ ਕੀਤੀ ਜਾਂਦੀ।
ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਦੇਰੀ ਮਹਿੰਗੀ ਸਾਬਤ ਹੋ ਸਕਦੀ ਹੈ। ਸਮਾਂ-ਸੀਮਾ ਤੋਂ ਬਾਅਦ ITR ਭਰਨ 'ਤੇ ਸ਼ੇਅਰ ਮਾਰਕੀਟ, ਕਾਰੋਬਾਰ ਜਾਂ ਪੇਸ਼ੇ ਨਾਲ ਜੁੜੇ ਨੁਕਸਾਨਾਂ ਨੂੰ ਅਗਲੇ ਵਿੱਤੀ ਸਾਲਾਂ ਵਿੱਚ Carry Forward ਕਰਨ ਦੀ ਸਹੂਲਤ ਨਹੀਂ ਮਿਲਦੀ, ਜਿਸ ਨਾਲ ਭਵਿੱਖ ਵਿੱਚ ਟੈਕਸ ਬਚਤ ਦਾ ਮੌਕਾ ਹੱਥੋਂ ਨਿਕਲ ਸਕਦਾ ਹੈ।
ਇਸ ਤੋਂ ਇਲਾਵਾ, ਜਿਨ੍ਹਾਂ ਟੈਕਸਦਾਤਾਵਾਂ ਦਾ ਵਾਧੂ TDS ਕੱਟਿਆ ਗਿਆ ਹੈ ਅਤੇ ਉਹ ਰਿਫੰਡ ਦੇ ਹੱਕਦਾਰ ਹਨ, ਉਨ੍ਹਾਂ ਨੂੰ ਧਾਰਾ 244A ਤਹਿਤ ਮਿਲਣ ਵਾਲੇ ਰਿਫੰਡ ਦੇ ਵਿਆਜ ਦਾ ਵੀ ਨੁਕਸਾਨ ਹੋ ਸਕਦਾ ਹੈ। ਦੇਰੀ ਨਾਲ ITR ਭਰਨ 'ਤੇ ਦੇਰੀ ਵਾਲੇ ਸਮੇਂ ਦਾ ਵਿਆਜ ਨਹੀਂ ਮਿਲਦਾ।
ਨਵੇਂ ਟੈਕਸ ਨਿਯਮਾਂ ਅਨੁਸਾਰ New Tax Regime ਡਿਫਾਲਟ ਹੈ। ਜੇਕਰ ਯੋਗ ਟੈਕਸਦਾਤਾ 31 ਜੁਲਾਈ ਤੱਕ ਸਮੇਂ ਸਿਰ ITR ਫਾਈਲ ਨਹੀਂ ਕਰਦੇ, ਤਾਂ ਉਹ Old Tax Regime ਦੀ ਚੋਣ ਕਰਕੇ ਧਾਰਾ 80C, 80D ਜਾਂ HRA ਵਰਗੀਆਂ ਛੋਟਾਂ ਦਾ ਲਾਭ ਲੈਣ ਦਾ ਮੌਕਾ ਵੀ ਗੁਆ ਸਕਦੇ ਹਨ।
ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਆਖਰੀ ਸਮੇਂ ਦੀਆਂ ਤਕਨੀਕੀ ਸਮੱਸਿਆਵਾਂ, ਜੁਰਮਾਨੇ, ਵਿਆਜ ਅਤੇ ਹੋਰ ਵਿੱਤੀ ਨੁਕਸਾਨਾਂ ਤੋਂ ਬਚਣ ਲਈ ਟੈਕਸਦਾਤਾ 31 ਜੁਲਾਈ ਤੋਂ ਪਹਿਲਾਂ ਹੀ ਆਪਣਾ ITR ਫਾਈਲ ਕਰ ਲੈਣ।
Get all latest content delivered to your email a few times a month.