ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਦੇ ਕੋਟਸ਼ਮੀਰ ਨਗਰ ਪੰਚਾਇਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ। ਨਗਰ ਕੌਂਸਲ ਦਫ਼ਤਰ ਵਿੱਚ ਹੋਈ ਇਸ ਚੋਣ ਦੌਰਾਨ ਹਾਈ ਕੋਰਟ ਵੱਲੋਂ ਨਿਯੁਕਤ ਆਬਜ਼ਰਵਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਬੀਬੀ ਜਸਵਿੰਦਰ ਕੌਰ (ਪਤਨੀ ਗੁਰਦੀਪ ਸਿੰਘ) ਨੂੰ ਪ੍ਰਧਾਨ ਅਤੇ ਬੀਬੀ ਸੁਖਵਿੰਦਰ ਕੌਰ (ਪਤਨੀ ਹਰਭਜਨ ਸਿੰਘ) ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
ਕੋਟਸ਼ਮੀਰ ਨਗਰ ਪੰਚਾਇਤ ਦੇ 13 ਕੌਂਸਲਰਾਂ ਵਿੱਚੋਂ 10 ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ, ਜਦਕਿ ਇੱਕ-ਇੱਕ ਕੌਂਸਲਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਵਜੋਂ ਜਿੱਤਿਆ ਸੀ। ਇਸ ਬਹੁਮਤ ਦੇ ਆਧਾਰ 'ਤੇ ਅਕਾਲੀ ਦਲ ਨੇ ਨਗਰ ਪੰਚਾਇਤ 'ਤੇ ਆਪਣਾ ਦਬਦਬਾ ਕਾਇਮ ਰੱਖਿਆ।
ਨਵੇਂ ਚੁਣੇ ਗਏ ਪ੍ਰਧਾਨ ਜਸਵਿੰਦਰ ਕੌਰ ਨੇ ਕੋਟਸ਼ਮੀਰ ਦੇ ਵੋਟਰਾਂ, ਕੌਂਸਲਰਾਂ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਖ਼ਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਆਭਾਰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੂਜੀ ਵਾਰ ਨਗਰ ਪੰਚਾਇਤ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਨਗਰ ਪੰਚਾਇਤ ਦੇ ਆਗੂ ਨਿਰਮਲਜੀਤ ਸਿੰਘ ਨਿੰਮਾ ਨੇ ਕਿਹਾ ਕਿ ਚੋਣ ਕਰਵਾਉਣ ਲਈ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕੋਟਸ਼ਮੀਰ ਦੇ ਵਿਕਾਸ ਲਈ ₹27 ਲੱਖ ਦੀ ਗਰਾਂਟ ਦਾ ਐਲਾਨ ਕੀਤਾ ਗਿਆ ਹੈ।
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਇਸ ਜਿੱਤ ਨੂੰ ਪਾਰਟੀ ਲਈ ਵੱਡੀ ਸਿਆਸੀ ਸਫਲਤਾ ਕਰਾਰ ਦਿੰਦਿਆਂ ਕਿਹਾ ਕਿ ਨਥਾਣਾ ਅਤੇ ਕੋਟਸ਼ਮੀਰ ਵਿੱਚ ਮਿਲੀ ਇਹ ਜਿੱਤ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਹੱਕ ਵਿੱਚ ਸਕਾਰਾਤਮਕ ਸੰਕੇਤ ਹੈ।
Get all latest content delivered to your email a few times a month.