IMG-LOGO
ਹੋਮ ਰਾਸ਼ਟਰੀ: ਅਸਾਮ 'ਚ ਹੜ੍ਹ ਨਾਲ ਕੁੱਲ ਮੌਤਾਂ ਦੀ ਗਿਣਤੀ ਹੋਈ 68

ਅਸਾਮ 'ਚ ਹੜ੍ਹ ਨਾਲ ਕੁੱਲ ਮੌਤਾਂ ਦੀ ਗਿਣਤੀ ਹੋਈ 68

Admin User - Jul 27, 2026 12:17 PM
IMG

ਅਸਾਮ ਵਿੱਚ ਇਸ ਸਾਲ ਆਏ ਭਿਆਨਕ ਹੜ੍ਹਾਂ ਦੀ ਸਥਿਤੀ ਵਿੱਚ ਭਾਵੇਂ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਪਰ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 68 ਹੋ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਹਾਲੇ ਵੀ 5.24 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਹਨ। ਤਾਜ਼ਾ ਦੋ ਮੌਤਾਂ ਚਰਾਈਦੇਓ ਜ਼ਿਲ੍ਹੇ ਤੋਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਇਸ ਸਮੇਂ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ, ਜਿੱਥੇ ਲਗਭਗ 1.9 ਲੱਖ ਲੋਕ ਪਾਣੀ ਦੀ ਮਾਰ ਝੱਲ ਰਹੇ ਹਨ। ਹੋਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੋਲਾਘਾਟ, ਜੋਰਹਾਟ, ਨਗਾਓਂ ਅਤੇ ਸ਼ਿਵਸਾਗਰ ਸ਼ਾਮਲ ਹਨ।ਅਧਿਕਾਰੀਆਂ ਅਨੁਸਾਰ ਚਾਰ ਜ਼ਿਲ੍ਹਿਆਂ ਵਿੱਚ ਕੁੱਲ 354 ਰਾਹਤ ਕੈਂਪ ਅਤੇ ਸਹਾਇਤਾ ਵੰਡ ਕੇਂਦਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 37,724 ਬੇਘਰ ਹੋਏ ਲੋਕਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਭਾਰਤੀ ਫ਼ੌਜ, ਐੱਨ.ਡੀ.ਆਰ.ਐੱਫ. (NDRF), ਐੱਸ.ਡੀ.ਆਰ.ਐੱਫ. (SDRF), ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਅਤੇ ਸਥਾਨਕ ਪੁਲੀਸ ਸਮੇਤ ਕਈ ਏਜੰਸੀਆਂ ਮੁਸਤੈਦੀ ਨਾਲ ਜੁਟੀਆਂ ਹੋਈਆਂ ਹਨ।ਹੜ੍ਹਾਂ ਕਾਰਨ ਸੂਬੇ ਦੇ ਅਲੱਗ-2 ਜ਼ਿਲ੍ਹਿਆਂ ਵਿੱਚ ਧੁੱਸੀ ਬੰਨ੍ਹ, ਸੜਕਾਂ, ਪੁਲ ਅਤੇ ਹੋਰ ਬੁਨਿਆਦੀ ਢਾਂਚਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਪੜਾਅਵਾਰ ਢੰਗ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਸਰਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਜਿਵੇਂ-ਜਿਵੇਂ ਅਸਾਮ ਹੜ੍ਹਾਂ ਦੀ ਮਾਰ ਤੋਂ ਉੱਭਰ ਰਿਹਾ ਹੈ, ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਿਜਲੀ ਬਹਾਲੀ ਦੇ ਯਤਨ ਜਾਰੀ ਹਨ।” ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਸੁਰੱਖਿਆ ਵਜੋਂ ਬਿਜਲੀ ਬੰਦ ਕੀਤੀ ਗਈ ਸੀ, ਪਰ ਹੁਣ ਬਿਜਲੀ ਵਿਭਾਗ ਦੀਆਂ ਟੀਮਾਂ ਸੁਰੱਖਿਆ ਜਾਂਚਾਂ ਤੋਂ ਬਾਅਦ ਸ਼ਿਵਸਾਗਰ, ਜੋਰਹਾਟ, ਚਰਾਈਦੇਓ, ਧੁਬਰੀ, ਬੋਂਗਾਹੀਗਾਓਂ ਅਤੇ ਹੋਰ ਇਲਾਕਿਆਂ ਵਿੱਚ ਬਿਜਲੀ ਦੀ ਬਹਾਲੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜ਼ਰੂਰੀ ਸੇਵਾਵਾਂ ਨੂੰ ਜਲਦ ਤੋਂ ਜਲਦ ਬਹਾਲ ਕਰਨ ਅਤੇ ਪ੍ਰਭਾਵਿਤ ਭਾਈਚਾਰਿਆਂ ਵਿੱਚ ਆਮ ਸਥਿਤੀ ਬਣਾਉਣ ਲਈ ਵਚਨਬੱਧ ਹੈ। ਹੜ੍ਹ ਤੋਂ ਬਾਅਦ ਮੁੜ ਵਸੇਬੇ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ ਅਤੇ ਨੁਕਸਾਨੇ ਗਏ ਸਕੂਲਾਂ ਤੇ ਬੁਨਿਆਦੀ ਢਾਂਚੇ ਦੀ ਪੂਰੀ ਮੁਰੰਮਤ ਕੀਤੀ ਜਾਵੇਗੀ। ਪ੍ਰਭਾਵਿਤ ਖੇਤਰਾਂ ਵਿੱਚ ਚਾਵਲ ਅਤੇ ਹੋਰ ਰਾਸ਼ਨ ਦੀ ਨਿਰੰਤਰ ਵੰਡ ਕੀਤੀ ਜਾ ਰਹੀ ਹੈ, ਡਾਕਟਰਾਂ ਦੀਆਂ ਟੀਮਾਂ ਸਿਹਤ ਸੰਭਾਲ ’ਚ ਜੁਟੀਆਂ ਹੋਈਆਂ ਹਨ ਅਤੇ ਲੋੜ ਪੈਣ ’ਤੇ ਜ਼ਰੂਰੀ ਵਸਤੂਆਂ ਨੂੰ ਹਵਾਈ ਰਸਤੇ (ਏਅਰ-ਡ੍ਰੌਪ) ਰਾਹੀਂ ਵੀ ਪਹੁੰਚਾਇਆ ਜਾ ਰਿਹਾ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.