ਤਾਜਾ ਖਬਰਾਂ
ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਜਮ੍ਹਾਂ ਹੋਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪਠਾਨਕੋਟ ਨਗਰ ਨਿਗਮ ਨੇ ਕਮਰ ਕੱਸ ਲਈ ਹੈ। ਮਾਨਸੂਨ ਸੀਜ਼ਨ ਨੂੰ ਮੁੱਖ ਰੱਖਦਿਆਂ ਨਿਗਮ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕਰਦਿਆਂ 10 ਮੈਂਬਰੀ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਆਮ ਜਨਤਾ ਦੀ ਸੁਵਿਧਾ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ।
ਆਧੁਨਿਕ ਮਸ਼ੀਨਰੀ ਨਾਲ ਲੈਸ ਹੋਵੇਗੀ ਟੀਮ
ਸਿਹਤ ਵਿਭਾਗ ਦੀ ਦੇਖ-ਰੇਖ ਹੇਠ ਬਣਾਈ ਗਈ ਇਹ ਵਿਸ਼ੇਸ਼ ਟੀਮ ਬਾਰਿਸ਼ ਦੌਰਾਨ ਸ਼ਹਿਰ ਦੇ ਕਿਸੇ ਵੀ ਹਿੱਸੇ 'ਚੋਂ ਜਲ-ਭਰਾਅ ਦੀ ਸੂਚਨਾ ਮਿਲਣ 'ਤੇ ਤੁਰੰਤ ਹਰਕਤ 'ਚ ਆਵੇਗੀ।
ਨਗਰ ਨਿਗਮ ਨੇ ਨਾਗਰਿਕਾਂ ਦੀ ਸਹੂਲਤ ਲਈ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ: 0186-2222204, 0186-2220230
ਸ਼ਹਿਰ ਨਿਵਾਸੀ ਪਾਣੀ ਦੇ ਭਰਾਅ, ਨਾਲੀਆਂ ਦੇ ਜਾਮ ਹੋਣ ਜਾਂ ਬਰਸਾਤ ਨਾਲ ਜੁੜੀ ਕਿਸੇ ਵੀ ਦਰਪੇਸ਼ ਮੁਸ਼ਕਿਲ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।
ਨਿਗਮ ਦੇ ਹੈਲਥ ਅਫ਼ਸਰ ਪੰਕਜ ਹੰਸ ਅਤੇ ਸਹਾਇਕ ਹੈਲਥ ਅਫ਼ਸਰ ਵਿਕਰਮਜੀਤ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਮਹਿਜ਼ 10 ਮਿੰਟਾਂ ਦੇ ਅੰਦਰ ਟੀਮ ਘਟਨਾ ਸਥਾਨ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦੇਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਟਾਸਕ ਫੋਰਸ ਹਰ ਤਰ੍ਹਾਂ ਦੀ ਇਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਨਿਗਮ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਸਾਤੀ ਨਾਲਿਆਂ ਅਤੇ ਨਾਲੀਆਂ ਵਿੱਚ ਪਲਾਸਟਿਕ ਜਾਂ ਹੋਰ ਫ਼ਾਲਤੂ ਕੂੜਾ-ਕਰਕਟ ਨਾ ਸੁੱਟਣ, ਕਿਉਂਕਿ ਇਸ ਨਾਲ ਪਾਣੀ ਦਾ ਲਾਂਘਾ ਰੁਕ ਜਾਂਦਾ ਹੈ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਪੂਰੇ ਮਾਨਸੂਨ ਦੌਰਾਨ ਟੀਮਾਂ 24 ਘੰਟੇ ਅਲਰਟ 'ਤੇ ਰਹਿਣਗੀਆਂ ਤਾਂ ਜੋ ਆਮ ਜਨਤਾ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Get all latest content delivered to your email a few times a month.