IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ 'ਚ ਕਲੇਸ਼ ਚਰਮ 'ਤੇ: ਚਰਨਜੀਤ ਚੰਨੀ ਛੱਡ ਸਕਦੇ...

ਪੰਜਾਬ ਕਾਂਗਰਸ 'ਚ ਕਲੇਸ਼ ਚਰਮ 'ਤੇ: ਚਰਨਜੀਤ ਚੰਨੀ ਛੱਡ ਸਕਦੇ ਹਨ ਕੈਂਪੇਨ ਕਮੇਟੀ ਦੇ ਚੇਅਰਮੈਨ ਦਾ ਅਹੁਦਾ; ਦਿੱਲੀ ਬੈਠਕ 'ਚ ਹਾਈਕਮਾਨ ਨਾਲ ਹੋਈ ਤਿੱਖੀ ਬਹਿਸ

Admin User - Jul 24, 2026 01:17 PM
IMG

ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਜੁੱਟੀ ਕਾਂਗਰਸ ਅੰਦਰੂਨੀ ਬਗ਼ਾਵਤ ਦੀਆਂ ਚੰਗਿਆੜੀਆਂ ਨਾਲ ਜੂਝ ਰਹੀ ਹੈ। ਦਿੱਲੀ ਵਿਖੇ ਪਾਰਟੀ ਹਾਈਕਮਾਨ ਦੀ ਦੋ ਦਿਨ ਚੱਲੀ ਅਹਿਮ ਬੈਠਕ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਪ੍ਰਚਾਰ ਕਮੇਟੀ (Campaign Committee) ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਗਰਮਾ ਗਈਆਂ ਹਨ। ਸੂਤਰਾਂ ਅਨੁਸਾਰ ਚੰਨੀ ਧੜਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ ਤੋਂ ਬੇਹੱਦ ਅਸੰਤੁਸ਼ਟ ਹੈ।


ਦਿੱਲੀ 'ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੀ ਮੌਜੂਦਗੀ 'ਚ ਹੋਈ ਬੈਠਕ ਦੌਰਾਨ ਮਾਹੌਲ ਕਾਫ਼ੀ ਗਰਮਾ ਗਿਆ:


ਲੀਡਰਸ਼ਿਪ 'ਤੇ ਸਵਾਲ: ਚੰਨੀ ਨੇ ਪੰਜਾਬ ਇੰਚਾਰਜ ਨੂੰ ਸਿੱਧੇ ਸ਼ਬਦਾਂ 'ਚ ਕਿਹਾ ਕਿ ਰਾਜਾ ਵੜਿੰਗ ਦੇ ਪ੍ਰਧਾਨ ਰਹਿੰਦਿਆਂ ਕਾਂਗਰਸ ਚੋਣਾਂ ਨਹੀਂ ਜਿੱਤ ਸਕਦੀ। ਜੇਕਰ ਉਹ ਅਹੁਦੇ 'ਤੇ ਰਹਿੰਦੇ ਹਨ, ਤਾਂ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਹਾਈਕਮਾਨ ਦੀ ਹੋਵੇਗੀ।


ਅਸਤੀਫ਼ੇ ਦੀ ਧਮਕੀ: ਜਦੋਂ ਵੇਣੂਗੋਪਾਲ ਨੇ ਚੰਨੀ ਧੜੇ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੀ ਨਸੀਹਤ ਦਿੱਤੀ, ਤਾਂ ਚੰਨੀ ਨੇ ਪਲਟਵਾਰ ਕਰਦਿਆਂ ਤੁਰੰਤ ਕੈਂਪੇਨ ਕਮੇਟੀ ਛੱਡਣ ਦਾ ਇਸ਼ਾਰਾ ਕਰ ਦਿੱਤਾ।


ਰੰਧਾਵਾ ਦੀ ਕਲਾਸ: ਬੈਠਕ 'ਚ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੜਿੰਗ ਵਿਰੁੱਧ ਦਿੱਤੇ ਬਿਆਨਾਂ 'ਤੇ ਵੇਣੂਗੋਪਾਲ ਨੇ ਨਰਾਜ਼ਗੀ ਜਤਾਈ, ਜਿਸ 'ਤੇ ਰੰਧਾਵਾ ਨੇ ਵੀ ਆਪਣੇ ਬੋਲਾਂ ਨੂੰ ਬਿਲਕੁਲ ਸਹੀ ਠਹਿਰਾਇਆ।


ਵਾਕਆਊਟ: ਤਲਖ਼ੀ ਇੰਨੀ ਵਧ ਗਈ ਕਿ ਵੇਣੂਗੋਪਾਲ ਅਤੇ ਚੰਨੀ ਬੈਠਕ ਅੱਧ ਵਿਚਾਲੇ ਛੱਡ ਕੇ ਬਾਹਰ ਨਿਕਲ ਗਏ।


ਹਾਈਕਮਾਨ ਨੇ ਸਪੱਸ਼ਟ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਇਆ ਜਾਵੇਗਾ। ਉਨ੍ਹਾਂ ਦਾ ਮੁੱਖ ਕੰਮ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਕੈਡਰ ਨੂੰ ਮਜ਼ਬੂਤ ਕਰਨਾ ਹੋਵੇਗਾ। ਹਾਲਾਂਕਿ, ਚੋਣ ਰਣਨੀਤੀ ਅਤੇ ਟਿਕਟਾਂ ਦੀ ਵੰਡ 'ਚ ਚੰਨੀ ਧੜੇ ਨੂੰ ਪੂਰੀ ਅਹਿਮੀਅਤ ਦੇਣ ਅਤੇ ਸੁਝਾਅ ਲੈਣ ਦਾ ਭਰੋਸਾ ਦਿੱਤਾ ਗਿਆ ਹੈ।


ਸਿਆਸੀ ਮਾਹਰਾਂ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ ਨਾਲ ਕੀਤੀਆਂ ਹਾਲੀਆ ਮੁਲਾਕਾਤਾਂ ਤੋਂ ਬਾਅਦ ਕਾਂਗਰਸ ਨੂੰ ਆਪਣਾ ਰਵਾਇਤੀ ਦਲਿਤ ਵੋਟ ਬੈਂਕ ਖਿਸਕਣ ਦਾ ਵੱਡਾ ਖ਼ਤਰਾ ਨਜ਼ਰ ਆ ਰਿਹਾ ਹੈ। ਅਜਿਹੇ ਸਮੇਂ 'ਚ ਚੰਨੀ ਵਰਗੇ ਵੱਡੇ ਦਲਿਤ ਚਿਹਰੇ ਨੂੰ ਨੁੱਕਰੇ ਲਗਾਉਣਾ ਪਾਰਟੀ ਲਈ ਆਤਮਘਾਤੀ ਸਿੱਧ ਹੋ ਸਕਦਾ ਹੈ, ਜਿਸ ਕਾਰਨ ਹਾਈਕਮਾਨ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।


ਬੰਦ ਕਮਰਾ ਬੈਠਕ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ 'ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਵੀ ਪੰਜਾਬੀ ਆਗੂਆਂ 'ਚ ਅੱਗੇ ਦਿਸਣ ਦੀ ਹਿਰਸ ਸਾਫ਼ ਨਜ਼ਰ ਆਈ। ਜਿੱਥੇ ਰਾਜਾ ਵੜਿੰਗ ਰਾਹੁਲ ਗਾਂਧੀ ਦੇ ਬਿਲਕੁਲ ਨੇੜੇ ਅਤੇ ਪੁਲਿਸ ਬੱਸ ਦੀ ਛੱਤ 'ਚੜ੍ਹ ਕੇ ਨਾਅਰੇਬਾਜ਼ੀ ਕਰਦੇ ਦਿੱਖੇ, ਉੱਥੇ ਹੀ ਚਰਨਜੀਤ ਚੰਨੀ ਨੇ ਮੀਡੀਆ ਸਾਹਮਣੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਬੋਲਦਿਆਂ ਖ਼ੁਦ ਨੂੰ ਰਾਹੁਲ ਗਾਂਧੀ ਦੇ ਵਫ਼ਾਦਾਰ ਵਜੋਂ ਪੇਸ਼ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.