ਤਾਜਾ ਖਬਰਾਂ
ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿੱਚ ਕ੍ਰਾਂਤੀ ਕਲਾ ਮੰਚ ਰੋਪੜ ਵੱਲੋਂ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੋਪੜ, ਮਹਿਕ ਦੀਆਂ ਤੰਦਾਂ ਅਕਾਦਮੀ ਮੋਹਾਲੀ ਅਤੇ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਪੰਜਾਬੀ ਨਾਟਕ ‘ਮਿੱਟੀ ਦੇ ਪੁੱਤ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਉੱਘੇ ਸਮਾਜ ਸੇਵੀ, ਸਿੱਖਿਆ ਪ੍ਰੇਮੀ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਯਾਦ ਨੂੰ ਸਮਰਪਿਤ ਸੀ, ਜਿਨ੍ਹਾਂ ਦੇ ਸਮਾਜ ਅਤੇ ਸਿੱਖਿਆ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਮਾਗਮ ਦੌਰਾਨ ਸ਼ਰਧਾ ਨਾਲ ਯਾਦ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕੀਤੀ, ਜਦਕਿ ਪ੍ਰਸਿੱਧ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਿੱਚ ਸਵਰਨ ਸਿੰਘ ਭੰਗੂ ਦੀ ਧਰਮਪਤਨੀ ਗੁਰਪ੍ਰੀਤ ਕੌਰ ਭੰਗੂ, ਉਨ੍ਹਾਂ ਦੇ ਪੁੱਤਰ ਬਾਗੀ ਭੰਗੂ, ਰੰਗਕਰਮੀ ਮਲਕੀਤ ਰੌਣੀ, ਸੁਰਿੰਦਰ ਮਹੱਲ ਅਤੇ ਹਰਵਿੰਦਰ ਔਜਲਾ ਵੀ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਭੰਗੂ ਸਾਹਿਬ ਦੀ ਤਸਵੀਰ ਨੂੰ ਫੁੱਲ ਭੇਟ ਕਰਕੇ ਕੀਤੀ ਗਈ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਭੰਗੂ ਸਾਹਿਬ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਸਮਾਜ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇ। ਇਸ ਮੌਕੇ ਪ੍ਰਸਿੱਧ ਰੰਗਕਰਮੀ ਅਤੇ ਫਿਲਮੀ ਅਦਾਕਾਰ ਹਰਵਿੰਦਰ ਔਜਲਾ ਦਾ ਵੀ ਸਨਮਾਨ ਕੀਤਾ ਗਿਆ। ਗੁਰਪ੍ਰੀਤ ਕੌਰ ਭੰਗੂ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਬੇਸ਼ੱਕ ਅਸੀਂ ਸਦਮੇ ਵਿੱਚ ਹਾਂ, ਪਰ ਟੁੱਟੇ ਨਹੀਂ।" ਉਨ੍ਹਾਂ ਨੇ ਕਿਹਾ ਕਿ ਅਜਿਹੇ ਨਾਟਕ ਲੋਕਾਂ ਨੂੰ ਆਪਣੇ ਸਮਾਜ ਦਾ ਅਸਲੀ ਚਿਹਰਾ ਦਿਖਾਉਂਦੇ ਹਨ ਅਤੇ ਰੰਗਮੰਚ ਨੂੰ ਹੋਰ ਵੱਧ ਪ੍ਰੋਤਸਾਹਨ ਮਿਲਣਾ ਚਾਹੀਦਾ ਹੈ।
ਰੰਗਕਰਮੀ ਮਲਕੀਤ ਰੌਣੀ ਨੇ ਸਵਰਨ ਸਿੰਘ ਭੰਗੂ ਨੂੰ ਇੱਕ ਚਲਦੀ-ਫਿਰਦੀ ਸਮਾਜਿਕ ਸੰਸਥਾ ਕਰਾਰ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਸਮਾਜਿਕ ਸੁਧਾਰ ਲਈ ਸਮਰਪਿਤ ਰਹੇ। ਵੱਖ-ਵੱਖ ਬੁਲਾਰਿਆਂ ਨੇ ਵੀ ਭੰਗੂ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀ ਮਿੱਟੀ ਅਤੇ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ।
ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਰੰਗਮੰਚ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਸੱਭਿਆਚਾਰਕ ਕਦਰਾਂ ਨੂੰ ਸੰਭਾਲਣ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਨੇ ‘ਮਿੱਟੀ ਦੇ ਪੁੱਤ’ ਦੇ ਸਾਰੇ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੀ ਭਰਪੂਰ ਸ਼ਲਾਘਾ ਕੀਤੀ।
ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਯੋਗੇਸ਼ ਮੋਹਨ ਪੰਕਜ ਨੇ ਦੱਸਿਆ ਕਿ ਨਾਟਕ ਦੀ ਰਚਨਾ ਸੋਨੂੰ ਬੈਣੀਵਾਲ ਨੇ ਕੀਤੀ, ਨਿਰਦੇਸ਼ਨ ਅਵਿੰਦਰ ਰਾਜੂ ਨੇ ਕੀਤਾ, ਸੰਗੀਤ ਸੁੱਖਜਿੰਦਰ ਫੌਜੀ ਕੋਸ਼ਲਰ ਨੇ ਦਿੱਤਾ ਅਤੇ ਲਾਈਟਿੰਗ ਦੀ ਜ਼ਿੰਮੇਵਾਰੀ ਨਿਰਮਲ ਧਾਰੀਵਾਲ ਅਤੇ ਅਜੇ ਸਮਰਾਲਾ ਨੇ ਨਿਭਾਈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਅਜਿਹੀਆਂ ਸੱਭਿਆਚਾਰਕ ਪਹਿਲਕਦਮੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਰਮਨ ਮਿੱਤਲ, ਰਾਜੂ ਸਤਿਆਲ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਮੰਚ ਸੰਚਾਲਨ ਸੁੱਖਜਿੰਦਰ ਫੌਜੀ ਨੇ ਕੀਤਾ। ਅੰਤ ਵਿੱਚ ਕ੍ਰਾਂਤੀ ਕਲਾ ਮੰਚ ਦੇ ਨਿਰਦੇਸ਼ਕ ਅਵਿੰਦਰ ਰਾਜੂ ਨੇ ਸਾਰੇ ਮਹਿਮਾਨਾਂ, ਸਹਿਯੋਗੀ ਸੰਸਥਾਵਾਂ, ਕਲਾਕਾਰਾਂ, ਦਰਸ਼ਕਾਂ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਰੰਗਮੰਚ ਰਾਹੀਂ ਸਮਾਜਿਕ ਜਾਗਰੂਕਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਯਤਨ ਲਗਾਤਾਰ ਜਾਰੀ ਰਹਿਣਗੇ।
Get all latest content delivered to your email a few times a month.