ਤਾਜਾ ਖਬਰਾਂ
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ਹਲਕੇ ਅਧੀਨ ਆਉਂਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਘਰ 'ਚ ਰੱਖੇ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਲਈ ਪਾਈਆਂ ਗਈਆਂ ਸਲਫ਼ਾਸ ਦੀਆਂ ਗੋਲੀਆਂ 'ਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਹੋਰ ਬੱਚੀਆਂ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਖਨਿਆਣ 'ਚ ਦੋ ਸਕੇ ਭਰਾ ਇੱਕੋ ਘਰ 'ਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ। ਪਰਿਵਾਰ ਨੇ ਕੁਝ ਦਿਨ ਪਹਿਲਾਂ ਹੀ ਘਰ ਦੇ ਸਟੋਰ ਰੂਮ 'ਚ ਪਏ ਕਣਕ ਦੇ ਢੋਲ 'ਚ ਸਲਫ਼ਾਸ ਦੀਆਂ ਗੋਲੀਆਂ ਰੱਖੀਆਂ ਸਨ। ਬਦਕਿਸਮਤੀ ਨਾਲ ਇਸ ਸਟੋਰ ਦਾ ਇੱਕ ਦਰਵਾਜ਼ਾ ਸਿੱਧਾ ਉਸ ਕਮਰੇ 'ਚ ਖੁੱਲ੍ਹਦਾ ਸੀ, ਜਿੱਥੇ ਸਾਰੇ ਜੀਅ ਰਾਤ ਨੂੰ ਸੌਂਦੇ ਸਨ। ਸਲਫ਼ਾਸ ਤੋਂ ਬਣੀ ਜ਼ਹਿਰੀਲੀ ਗੈਸ ਹੌਲੀ-ਹੌਲੀ ਕਮਰੇ ਵਿੱਚ ਫੈਲ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਦਮ ਘੁੱਟਣ ਲੱਗਾ।
20 ਜੁਲਾਈ ਦੀ ਰਾਤ ਅਚਾਨਕ ਪਰਿਵਾਰਕ ਮੈਂਬਰਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਮਹਿਜ਼ 13 ਦਿਨਾਂ ਦੀ ਨਵਜੰਮੀ ਬੱਚੀ ਹਰਸੀਰਤ ਕੌਰ ਦੀ ਹਾਲਤ ਖ਼ਰਾਬ ਹੋਈ ਅਤੇ ਉਸ ਨੇ ਦਮ ਤੋੜ ਦਿੱਤਾ। ਹਾਲੇ ਪਰਿਵਾਰ ਇਸ ਦੁੱਖ ਤੋਂ ਉੱਬਰ ਵੀ ਨਹੀਂ ਸਕਿਆ ਸੀ ਕਿ 4 ਸਾਲਾ ਮਨਰਾਜ ਸਿੰਘ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ। ਪਰਿਵਾਰ ਉਸ ਨੂੰ ਨਿੱਜੀ ਹਸਪਤਾਲ ਲੈ ਕੇ ਗਿਆ, ਪਰ ਇਲਾਜ ਦੌਰਾਨ ਬੁੱਧਵਾਰ ਸਵੇਰੇ ਮਨਰਾਜ ਦੀ ਵੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਵਿੱਚ ਪਰਿਵਾਰ ਦੀਆਂ ਦੋ ਹੋਰ ਧੀਆਂ (ਉਮਰ 13 ਸਾਲ ਅਤੇ 8 ਸਾਲ) ਅਤੇ ਇੱਕ ਔਰਤ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਸਥਾਨਕ ਪੱਧਰ 'ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤਿੰਨਾਂ ਨੂੰ ਗੰਭੀਰ ਹਾਲਤ 'ਚ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।
Get all latest content delivered to your email a few times a month.