ਤਾਜਾ ਖਬਰਾਂ
ਥਾਣਾ ਲਹਿਰਾ ਪੁਲਿਸ ਨੇ ਪਿੰਡ ਰਾਮਗੜ੍ਹ ਸੰਧੂਆਂ ਦੇ ਲਾਪਤਾ 19 ਸਾਲਾ ਨੌਜਵਾਨ ਹਰਮਨਦੀਪ ਸਿੰਘ ਦੇ ਅੰਨ੍ਹੇ ਕਤਲ ਦੀ ਗੁੰਝਲ ਨੂੰ ਸੁਲਝਾਉਣ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦਰਜ ਕੇਸ 'ਚ ਕਤਲ ਅਤੇ ਚੋਰੀ ਦੀਆਂ ਗੰਭੀਰ ਧਾਰਾਵਾਂ ਦਾ ਵਾਧਾ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਦੇ ਬਿਆਨਾਂ 'ਤੇ 15 ਜੁਲਾਈ ਨੂੰ ਨੌਜਵਾਨ ਦੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਹਰਮਨਦੀਪ 5 ਜੁਲਾਈ ਤੋਂ ਭੇਦਭਰੇ ਹਾਲਾਤ 'ਚ ਲਾਪਤਾ ਸੀ।
ਤਫ਼ਤੀਸ਼ ਦੌਰਾਨ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਏ ਗਏ ਤਿੰਨ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਹਰਮਨਦੀਪ ਦਾ ਕਤਲ ਕਰਕੇ ਲਾਸ਼ ਖਾਈ ਬਸਤੀ ਨੇੜੇ ਮੈਦਾਨ 'ਚ ਇੱਕ ਟਾਹਲੀ ਦੇ ਦਰੱਖਤ ਹੇਠਾਂ ਦੱਬ ਦਿੱਤੀ ਸੀ। ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਉੱਥੋਂ ਗਲੀ-ਸੜੀ ਹਾਲਤ 'ਚ ਲਾਸ਼ ਬਰਾਮਦ ਕਰ ਲਈ ਹੈ, ਜਿਸ ਦੀ ਪਛਾਣ ਪਰਿਵਾਰ ਵੱਲੋਂ ਕੱਪੜਿਆਂ ਤੋਂ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂ, ਮੰਗੂ ਕੁਮਾਰ ਅਤੇ ਲਖਣ (ਨਿਵਾਸੀ ਖਾਈ ਬਸਤੀ, ਲਹਿਰਾ) ਵਜੋਂ ਹੋਈ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਹਰਮਨਦੀਪ ਕੋਲੋਂ 2,000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟਣ ਦੀ ਨੀਅਤ ਨਾਲ ਪਹਿਲਾਂ ਚੋਰੀ ਦੀ ਵਾਰਦਾਤ ਕੀਤੀ ਅਤੇ ਬਾਅਦ 'ਚ ਉਸ ਦੀ ਹੱਤਿਆ ਕਰ ਦਿੱਤੀ।
ਫ਼ੋਰੈਂਸਿਕ ਮਾਹਿਰਾਂ ਦੀ ਦੇਖ-ਰੇਖ ਹੇਠ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਤਿੰਨਾਂ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
Get all latest content delivered to your email a few times a month.