ਤਾਜਾ ਖਬਰਾਂ
ਚੰਡੀਗੜ੍ਹ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੁਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜਿਤ) ਅੰਦਰ ਅੰਦਰੂਨੀ ਕਲੇਸ਼ ਫੁੱਟ ਕੇ ਖੁੱਲ੍ਹ ਕੇ ਸਾਹਮਣੇ ਆ ਗਿਆ। ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੇ ਨਾਲ 15 ਤੋਂ ਵੱਧ ਪ੍ਰਮੁੱਖ ਆਗੂਆਂ ਨੇ ਬਾਗੀ ਤੇਵਰ ਅਪਨਾਉਂਦਿਆਂ ਪਾਰਟੀ ਤੋਂ ਵੱਖ ਹੋ ਕੇ ਆਪਣੇ ਇੱਕ ਨਵੇਂ ਗੁੱਟ ਦਾ ਐਲਾਨ ਕਰ ਦਿੱਤਾ ਹੈ। ਇਸ ਨਵੇਂ ਬਣੇ ਧੜੇ ਨੇ ਹੁਣ ਅਕਾਲੀ ਦਲ (ਵਾਰਿਸ ਪੰਜਾਬ) ਨਾਲ ਹੱਥ ਮਿਲਾਉਂਦਿਆਂ ਉਸ ਨੂੰ ਪੂਰਨ ਤੌਰ 'ਤੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਇੱਕ ਗਠਜੋੜ ਤਹਿਤ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ ਸੀ, ਜੋ ਕਿ ਕੁਝ ਸਮਾਂ ਹੀ ਚੱਲਣ ਤੋਂ ਬਾਅਦ ਟੁੱਟ ਗਈ ਸੀ, ਪਰ ਹੁਣ ਇਸ ਤਾਜ਼ਾ ਘਟਨਾਕ੍ਰਮ ਨਾਲ ਸੂਬੇ ਦੇ ਸਿਆਸੀ ਸਮੀਕਰਨ ਫਿਰ ਤੋਂ ਬਦਲਦੇ ਨਜ਼ਰ ਆ ਰਹੇ ਹਨ।
ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਝੂੰਦਾ ਨੇ ਪਿਛਲੇ ਕਈ ਦਹਾਕਿਆਂ ਦੀ ਰਵਾਇਤੀ ਅਕਾਲੀ ਸਿਆਸਤ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਗੰਭੀਰ ਦੋਸ਼ ਲਾਇਆ ਕਿ ਲੰਮੇ ਸਮੇਂ ਤੋਂ ਅਕਾਲੀ ਲੀਡਰਸ਼ਿਪ ਆਪਣੇ ਅਸਲ ਮਾਰਗ ਤੋਂ ਭਟਕ ਕੇ ਪੂਰੀ ਤਰ੍ਹਾਂ ਦਿਸ਼ਾਹੀਣ ਹੋ ਚੁੱਕੀ ਹੈ। ਪੰਥ ਅਤੇ ਪੰਜਾਬ ਦੇ ਅਹਿਮ ਮਸਲਿਆਂ ਨੂੰ ਜਾਣਬੁੱਝ ਕੇ ਵਿਸਾਰ ਦਿੱਤਾ ਗਿਆ ਹੈ, ਜਿਸ ਕਾਰਨ ਪੰਜਾਬੀਆਂ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਸਿਆਸੀ ਵਿਵਸਥਾ ਪ੍ਰਤੀ ਭਾਰੀ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਸੀ।
ਆਪਣੇ ਇਸ ਕਾਫ਼ਲੇ ਦੇ ਵੱਖ ਹੋਣ ਦਾ ਕਾਰਨ ਸਪੱਸ਼ਟ ਕਰਦਿਆਂ ਝੂੰਦਾ ਨੇ ਕਿਹਾ ਕਿ ਆਮ ਸੰਗਤਾਂ ਅਤੇ ਸੂਬੇ ਦੇ ਲੋਕਾਂ ਦੀਆਂ ਜ਼ੋਰਦਾਰ ਭਾਵਨਾਵਾਂ ਸਨ ਕਿ ਇੱਕ ਅਜਿਹਾ ਮਜ਼ਬੂਤ ਅਤੇ ਬਦਲਵਾਂ ਪਲੈਟਫਾਰਮ ਤਿਆਰ ਕੀਤਾ ਜਾਵੇ, ਜੋ ਬਿਨਾਂ ਕਿਸੇ ਸਮਝੌਤੇ ਦੇ ਸੂਬੇ ਦੀ ਕਿਸਾਨੀ, ਨੌਜਵਾਨੀ, ਪੰਜਾਬ ਦੇ ਹਿੱਤਾਂ ਅਤੇ ਸਿੱਖ ਪੰਥ ਦੀ ਮਜ਼ਬੂਤੀ ਲਈ ਡਟ ਕੇ ਪਹਿਰਾ ਦੇ ਸਕੇ।
Get all latest content delivered to your email a few times a month.