IMG-LOGO
ਹੋਮ ਪੰਜਾਬ: ’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ...

’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇਲਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ...

Admin User - Jul 20, 2026 04:19 PM
IMG

ਚੰਡੀਗੜ੍ਹ, 20 ਜੁਲਾਈ :


ਪੰਜਾਬ ਨੇ ਗੰਭੀਰ ਰੂਪ ਵਿੱਚ ਸਿੰਥੈਟਿਕ ਨਸ਼ੇ (ਓਪੀਓਇਡ) ਨਾਲ ਜੂਝ ਰਹੇ ਲੋਕਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਇਲਾਜ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐਮਐਮਟੀ) ਦੀ ਸ਼ੁਰੂਆਤ ਕੀਤੀ ਹੈ। ਮੈਥਾਡੋਨ ਦੀ ਸ਼ੁਰੂਆਤ ਸੂਬੇ ਦੀ ਨਸ਼ਿਆਂ ਵਿਰੁੱਧ ਇਲਾਜ-ਕੇਂਦਰਿਤ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਵੱਲ  ਮਹੱਤਵਪੂਰਨ ਕਦਮ ਹੈ।


ਹੁਣ ਤੱਕ ਸੂਬੇ ਵਿੱਚ ਨਸ਼ਾ ਪੀੜਤਾਂ ਦਾ ਇਲਾਜ ਮੁੱਖ ਤੌਰ ’ਤੇ 500 ਤੋਂ ਵੱਧ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਕੇਂਦਰਾਂ ਰਾਹੀਂ ਬਿਊਪ੍ਰੇਨੋਰਫਿਨ ਆਧਾਰਿਤ ਓਪੀਓਇਡ ਸਬਸਟੀਚਿਊਸ਼ਨ ਥੈਰੇਪੀ ਨਾਲ ਕੀਤਾ ਜਾਂਦਾ ਸੀ। ਇਸ ਥੈਰੇਪੀ ਵਿੱਚ ਹਾਨੀਕਾਰਕ ਓਪੀਓਇਡ ਦੀ ਥਾਂ ਡਾਕਟਰੀ ਨਿਗਰਾਨੀ ਹੇਠ ਨਿਯੰਤਰਿਤ ਦਵਾਈਆਂ ਦੀ ਵਰਤੋਂ ਕਰਕੇ ਨਸ਼ੇ ਦੇ ਸ਼ਿਕਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਹੁਣ, ਮੈਥਾਡੋਨ ਮੇਨਟੇਨੈਂਸ ਥੈਰੇਪੀ ਉਨ੍ਹਾਂ ਮਰੀਜ਼ਾਂ ਲਈ ਇਲਾਜ ਦਾ ਵਾਧੂ ਵਿਕਲਪ ਮੁਹੱਈਆ ਕਰਵਾਏਗੀ, ਜੋ ਲੰਬੇ ਸਮੇਂ ਤੋਂ ਸਿੰਥੈਟਿਕ ਨਸ਼ਿਆਂ ’ਤੇ ਨਿਰਭਰ ਹਨ ਅਤੇ ਜਿਨ੍ਹਾਂ ’ਤੇ ਮੌਜੂਦਾ ਇਲਾਜ ਜ਼ਿਆਦਾ ਅਸਰਦਾਰ ਸਾਬਤ ਨਹੀਂ ਹੋਏ ਹਨ।




ਇਸ ਵੇਲੇ ਪੰਜਾਬ ਵਿੱਚ ਛੇ ਸਮਰਪਿਤ ਮੈਥਾਡੋਨ ਕਲੀਨਿਕ ਚਾਲੂ ਹਨ। ਇਹ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ, ਸਿਵਲ ਹਸਪਤਾਲ ਲੁਧਿਆਣਾ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਗੁਰਦਾਸਪੁਰ, ਮੋਹਾਲੀ ਤੇ ਜਲੰਧਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਥਾਪਤ ਕੀਤੇ ਗਏ ਹਨ। ਪੰਜਾਬ ਸਰਕਾਰ ਆਉਣ ਵਾਲੇ ਮਹੀਨਿਆਂ ਵਿੱਚ ਛੇ ਹੋਰ ਐਮ.ਐਮ.ਟੀ. ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ, ਜਿਸ ਨਾਲ ਅਜਿਹੇ ਸਮਰਪਿਤ ਕੇਂਦਰਾਂ ਦੀ ਕੁੱਲ ਗਿਣਤੀ ਵੱਧ ਕੇ 12 ਹੋ ਜਾਵੇਗੀ।


ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਥਾਡੋਨ ਸਹੂਲਤਾਂ ਦਾ ਵਿਸਤਾਰ ਰਾਜ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਦੇ ਮੁੜਵਸੇਬੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਸਿੰਥੈਟਿਕ ਨਸ਼ੇ ’ਤੇ ਨਿਰਭਰ ਹਨ ਅਤੇ ਜਿਨ੍ਹਾਂ ਵਿੱਚ ਮੁੜ ਨਸ਼ੇ ਵੱਲ ਪਰਤਣ ਦਾ ਖ਼ਤਰਾ ਵੱਧ ਹੁੰਦਾ ਹੈ। ਉਨ੍ਹਾਂ ਕਿਹਾ, “ਵਿਸ਼ਵ ਸਿਹਤ ਸੰਸਥਾ  ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਐਨਏਸੀਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੀ ਜਾ ਰਹੀ ਮੈਥਾਡੋਨ ਮੇਨਟੇਨੈਂਸ ਥੈਰੇਪੀ ਲੰਬੇ ਸਮੇਂ ਤੋਂ ਸਿੰਥੈਟਿਕ ਨਸ਼ਿਆਂ ਦੇ ਆਦੀ ਲੋਕਾਂ ਲਈ ਪ੍ਰਭਾਵਸ਼ਾਲੀ ਇਲਾਜ ਦਾ ਵਿਕਲਪ ਹੈ। ਇਹ ਸਮੁੱਚੀ ਇਲਾਜ ਪ੍ਰਣਾਲੀ ਮਰੀਜ਼ਾਂ ਦੇ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਲਿਆਵੇਗੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਸਫ਼ਲਤਾਪੂਰਵਕ ਮੁੜ ਸਥਾਪਿਤ ਹੋਣ ਵਿੱਚ ਮਦਦ ਕਰੇਗੀ।”


ਨਵੇਂ ਕਲੀਨਿਕ ਵਿਸ਼ੇਸ਼ ਆਊਟਪੇਸ਼ੈਂਟ ਸਹੂਲਤਾਂ ਵਜੋਂ ਕੰਮ ਕਰਨਗੇ, ਜਿੱਥੇ ਮਰੀਜ਼ਾਂ ਨੂੰ ਡਾਕਟਰੀ ਨਿਗਰਾਨੀ ਹੇਠ ਮੈਥਾਡੋਨ ਥੈਰੇਪੀ ਦੇ ਨਾਲ-ਨਾਲ ਮਨੋਵਿਗਿਆਨਕ ਕਾਊਂਸਲਿੰਗ, ਮਨੋਚਿਕਿਤਸਾ ਸਲਾਹ, ਮੁੜ ਨਸ਼ੇ ਦੀ ਲਤ ਤੋਂ ਬਚਾਅ ਸਬੰਧੀ ਸੇਵਾਵਾਂ,ਪਰਿਵਾਰਕ ਕਾਊਂਸਲਿੰਗ ਅਤੇ ਨਿਯਮਿਤ ਫਾਲੋ-ਅੱਪ ਦੀ ਸਹੂਲਤ ਵੀ ਦਿੱਤੀ ਜਾਵੇਗੀ।


ਮਰੀਜ਼ਾਂ ਨੂੰ ਆਪਣੀ ਨਿਰਧਾਰਤ ਖ਼ੁਰਾਕ ਲੈਣ ਲਈ ਹਰ ਰੋਜ਼ ਕਲੀਨਿਕ ਆਉਣਾ ਹੋਵੇਗਾ, ਜਿੱਥੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਦਵਾਈ ਦਿੱਤੀ ਜਾਵੇਗੀ। ਦਵਾਈ ਦੀ ਹਰ ਖ਼ੁਰਾਕ ਡਾਕਟਰ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ ਤਾਂ ਜੋ ਇਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਅਤੇ ਸਹੀ ਇਲਾਜ ਯਕੀਨੀ ਬਣਾਈ ਜਾ ਸਕੇ।


ਮੈਥਾਡੋਨ ਥੈਰੇਪੀ ਕੀ ਹੈ?

ਮੈਥਾਡੋਨ, ਓਪੀਓਇਡ ਯੂਜ਼ ਡਿਸਆਰਡਰ ਨਾਲ ਪੀੜਤ ਲੋਕਾਂ ਜਿਵੇਂ ਕਿ ਹੈਰੋਇਨ ਦੀ ਲਤ ਨਾਲ ਜੂਝ ਰਹੇ ਮਰੀਜ਼ਾਂ ਲਈ ਵਿਗਿਆਨਕ ਸਬੂਤਾਂ ’ਤੇ ਆਧਾਰਿਤ ਇੱਕ ਪ੍ਰਭਾਵੀ ਇਲਾਜ ਹੈ। ਮੈਥਾਡੋਨ ਨੂੰ ਵਿਸ਼ਵ ਸਿਹਤ ਸੰਸਥਾ ਦੀ ਜ਼ਰੂਰੀ ਦਵਾਈਆਂ ਦੀ ਮਾਡਲ ਸੂਚੀ ਵਿੱਚ ਓਪੀਓਇਡ ਯੂਜ਼ ਡਿਸਆਰਡਰ ਦੇ ਇਲਾਜ ਲਈ ਵੀ ਸ਼ਾਮਲ ਕੀਤਾ ਗਿਆ ਹੈ। ਇਹ ਦਵਾਈ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਨਿਗਰਾਨੀ ਹੇਠ ਇੱਕ ਸਮੁੱਚੇ ਇਲਾਜ ਪ੍ਰੋਗਰਾਮ ਤਹਿਤ ਦਿੱਤੀ ਜਾਂਦੀ ਹੈ।

ਮੈਥਾਡੋਨ ਦਿਮਾਗ ਦੇ ਉਨ੍ਹਾਂ ਹੀ ਓਪੀਓਇਡ ਰਿਸੈਪਟਰਾਂ ’ਤੇ ਕੰਮ ਕਰਦੀ ਹੈ, ਜਿਨ੍ਹਾਂ ’ਤੇ ਹੈਰੋਇਨ ਅਤੇ ਹੋਰ ਸਿੰਥੈਟਿਕ ਨਸ਼ੇ ਅਸਰ ਕਰਦੇ ਹਨ। ਨਿਰਧਾਰਤ ਖ਼ੁਰਾਕ ਅਨੁਸਾਰ ਇਹ ਨਸ਼ੇ ਦੀ ਤੀਬਰ ਇੱਛਾ (ਕ੍ਰੇਵਿੰਗ) ਨੂੰ ਕੰਟਰੋਲ ਕਰਦੀ ਹੈ, ਨਸ਼ਾ ਛੱਡਣ ’ਤੇ ਹੋਣ ਵਾਲੇ ਲੱਛਣਾਂ ਤੋਂ ਰਾਹਤ ਦਿੰਦੀ ਹੈ ਅਤੇ ਓਪੀਓਇਡ ਪ੍ਰਤੀ ਸਹਿਣਸ਼ੀਲਤਾ ਪੈਦਾ ਕਰਦੀ ਹੈ, ਜਿਸ ਕਾਰਨ ਮੁੜ ਨਸ਼ਾ ਲੈਣ ਦੀ ਤਲਬ ਮਹਿਸੂਸ ਨਹੀਂ ਹੁੰਦੀ। ਇਸ ਨਾਲ ਮਰੀਜ਼ ਦੀ ਸਿਹਤ ਸਥਿਰ ਰਹਿੰਦੀ ਹੈ ਅਤੇ ਉਹ ਇਲਾਜ, ਰੁਜ਼ਗਾਰ ਅਤੇ ਪਰਿਵਾਰਕ ਜੀਵਨ ਵਿੱਚ ਵਧੇਰੇ ਸੁਚੱਜੇ ਢੰਗ ਨਾਲ ਹਿੱਸਾ ਲੈਣ ਲਗਦਾ ਹੈ।

ਸਮੇਂ ਦੇ ਨਾਲ ਮਰੀਜ਼ ਦੀ ਸਿਹਤ ਦੀ ਸਥਿਤੀ ਅਤੇ ਇਲਾਜ ਵਿੱਚ ਹੋਈ ਪ੍ਰਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਥਾਡੋਨ ਦੀ ਖ਼ੁਰਾਕ ਹੌਲੀ-ਹੌਲੀ ਘਟਾਈ ਜਾ ਸਕਦੀ ਹੈ। ਕਿਉਂਕਿ ਮਰੀਜ਼ ਹਰ ਰੋਜ਼ ਕਲੀਨਿਕ ਵਿੱਚ ਡਾਕਟਰੀ ਨਿਗਰਾਨੀ ਹੇਠ ਦਵਾਈ ਲੈਂਦੇ ਹਨ, ਇਸ ਲਈ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ।

ਮੈਥਾਡੋਨ ਲੰਬੇ ਸਮੇਂ ਤੱਕ ਅਸਰ ਕਰਨ ਵਾਲੀ ਦਵਾਈ ਹੈ। ਇਸ ਦੀ  ਰੋਜ਼ਾਨਾ ਇੱਕ ਖ਼ੁਰਾਕ ਆਮ ਤੌਰ ’ਤੇ ਲਗਭਗ 24 ਘੰਟਿਆਂ ਤੱਕ ਨਸ਼ਾ ਛੱਡਣ ਦੇ ਲੱਛਣਾਂ ਅਤੇ ਨਸ਼ੇ ਦੀ ਤਲਬ ਨੂੰ ਕੰਟਰੋਲ ਵਿੱਚ ਰੱਖਦੀ ਹੈ, ਜਿਸ ਨਾਲ ਮਰੀਜ਼ ਸਾਰਾ ਦਿਨ ਆਮ ਅਤੇ ਸਥਿਰ ਜੀਵਨ ਬਤੀਤ ਕਰ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.