ਤਾਜਾ ਖਬਰਾਂ
ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਅਤੇ 'ਸਕੂਲ ਆਫ਼ ਐਮੀਨੈਂਸ' ਦੀਆਂ ਕੋਸ਼ਿਸ਼ਾਂ ਨੇ ਇੱਕ ਵਾਰ ਫਿਰ ਦੇਸ਼ ਭਰ ਵਿੱਚ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਦੇਸ਼ ਭਰ ਵਿੱਚ ਪੇਪਰ ਲੀਕ ਵਿਵਾਦ ਤੋਂ ਬਾਅਦ ਦੁਬਾਰਾ ਲਈ ਗਈ 'ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ' (NEET-UG) 2026 ਦੇ ਐਲਾਨੇ ਨਤੀਜਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਪੇਪਰ ਰੱਦ ਹੋਣ ਅਤੇ ਦੁਬਾਰਾ ਪ੍ਰੀਖਿਆ ਦੀਆਂ ਤਮਾਮ ਰੁਕਾਵਟਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮਿਆਰੀ ਸਿੱਖਿਆ ਅਤੇ ਸਖ਼ਤ ਮਿਹਨਤ ਅੱਗੇ ਕੋਈ ਵੀ ਚੁਣੌਤੀ ਟਿਕ ਨਹੀਂ ਸਕਦੀ।
ਸਫ਼ਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨਤੀਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ 'ਸਿੱਖਿਆ ਕ੍ਰਾਂਤੀ' ਦਾ ਸੱਪਸ਼ਟ ਪ੍ਰਮਾਣ ਹਨ।
ਅੰਕੜਿਆਂ ਦੀ ਜ਼ਬਾਨੀ ਸਫ਼ਲਤਾ:
ਸਾਲ 2024: 437 ਵਿਦਿਆਰਥੀ ਪਾਸ ਹੋਏ।
ਸਾਲ 2025: ਇਹ ਗਿਣਤੀ ਵਧ ਕੇ 847 ਹੋਈ।
ਸਾਲ 2026: ਰਿਕਾਰਡ 882 ਵਿਦਿਆਰਥੀਆਂ ਨੇ ਮੈਡੀਕਲ ਦੀ ਸਭ ਤੋਂ ਔਖੀ ਪ੍ਰੀਖਿਆ ਪਾਸ ਕੀਤੀ।
ਬੈਂਸ ਅਨੁਸਾਰ 2024 ਦੇ ਮੁਕਾਬਲੇ ਸਫ਼ਲਤਾ ਦਾ ਇਹ ਅੰਕੜਾ 100 ਫ਼ੀਸਦੀ ਤੋਂ ਵੀ ਵੱਧ ਵਾਧਾ ਦਰਸਾਉਂਦਾ ਹੈ।
ਇਸ ਵਾਰ ਦੀ NEET ਪ੍ਰੀਖਿਆ ਵਿੱਚ ਲੁਧਿਆਣਾ ਦੇ ਸੇਖੇਵਾਲ ਸਥਿਤ 'ਸਕੂਲ ਆਫ਼ ਐਮੀਨੈਂਸ' ਦੇ ਵਿਦਿਆਰਥੀ ਪ੍ਰਤੀਕ ਕੁਮਾਰ ਨੇ ਮਿਸਾਲ ਕਾਇਮ ਕੀਤੀ ਹੈ। ਮਹਿਜ਼ 16,000 ਰੁਪਏ ਮਹੀਨਾ ਕਮਾਉਣ ਵਾਲੇ ਇੱਕ ਪ੍ਰਾਈਵੇਟ ਸਕੂਲ ਅਧਿਆਪਕ ਦੇ ਪੁੱਤਰ ਪ੍ਰਤੀਕ ਨੇ 720 'ਚੋਂ 594 ਅੰਕ (99.3 ਫ਼ੀਸਦੀ) ਹਾਸਲ ਕੀਤੇ ਹਨ। ਪ੍ਰਤੀਕ ਨੇ ਪੰਜਾਬ ਸਰਕਾਰ ਦੇ "PACE" ਪ੍ਰੋਗਰਾਮ ਰਾਹੀਂ ਮੁਫ਼ਤ ਔਨਲਾਈਨ ਕੋਚਿੰਗ ਅਤੇ ਮੌਕ ਟੈਸਟਾਂ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ। ਭਵਿੱਖ ਵਿੱਚ 'ਓਨਕੋਲੋਜਿਸਟ' (ਕੈਂਸਰ ਮਾਹਰ) ਬਣ ਕੇ ਮਰੀਜ਼ਾਂ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਪ੍ਰਤੀਕ ਦੇ ਪਿਤਾ ਨੇ ਕਿਹਾ ਕਿ ਸਰਕਾਰ ਦੀ ਇਸ ਪਹਿਲਕਦਮੀ ਨੇ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ।
ਸਿੱਖਿਆ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਨਤੀਜੇ ਅਚਾਨਕ ਨਹੀਂ ਆਏ। ਨੀਤੀ ਆਯੋਗ ਦੀ 'ਸਿੱਖਿਆ ਗੁਣਵੱਤਾ ਰਿਪੋਰਟ 2026' ਵਿੱਚ ਵੀ ਪੰਜਾਬ, ਸਕੂਲੀ ਸਿੱਖਿਆ ਦੇ ਖ਼ੇਤਰ ਵਿੱਚ ਕੇਰਲ ਅਤੇ ਦਿੱਲੀ ਵਰਗੇ ਰਾਜਾਂ ਨੂੰ ਪਿੱਛੇ ਛੱਡ ਕੇ ਦੇਸ਼ ਦਾ ਨੰਬਰ-1 ਸੂਬਾ ਬਣਿਆ ਹੈ। ਬੈਂਸ ਨੇ ਦੋਹਰਾਇਆ ਕਿ ਸੂਬਾ ਸਰਕਾਰ ਹਰ ਗਰੀਬ ਅਤੇ ਲੋੜਵੰਦ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਮੁਫ਼ਤ ਪ੍ਰਤੀਯੋਗੀ ਕੋਚਿੰਗ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜੋ ਆਰਥਿਕ ਤੰਗੀ ਕਿਸੇ ਵੀ ਹੋਣਹਾਰ ਦੇ ਸੁਪਨਿਆਂ ਦੇ ਰਾਹ 'ਚ ਰੁਕਾਵਟ ਨਾ ਬਣ ਸਕੇ।
Get all latest content delivered to your email a few times a month.