IMG-LOGO
ਹੋਮ ਪੰਜਾਬ: ਪੰਜਾਬ 'ਚ ਈ.ਡੀ. ਦਾ ਵੱਡਾ ਐਕਸ਼ਨ: ਫਿਰੋਜ਼ਪੁਰ ਤੇ ਪਠਾਨਕੋਟ ਦੇ...

ਪੰਜਾਬ 'ਚ ਈ.ਡੀ. ਦਾ ਵੱਡਾ ਐਕਸ਼ਨ: ਫਿਰੋਜ਼ਪੁਰ ਤੇ ਪਠਾਨਕੋਟ ਦੇ 6 ਟਿਕਾਣਿਆਂ 'ਤੇ ਛਾਪੇਮਾਰੀ; ਮਾਈਨਿੰਗ ਤੇ ਪ੍ਰਾਪਰਟੀ ਕਾਰੋਬਾਰੀਆਂ ਦੇ ਰਿਕਾਰਡ ਖੰਗਾਲੇ

Admin User - Jul 16, 2026 02:40 PM
IMG

ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਸਵੇਰੇ ਪੰਜਾਬ ਵਿੱਚ ਵੱਡੀ ਕਾਰਵਾਈ ਕਰਦਿਆਂ ਸਰਹੱਦੀ ਜ਼ਿਲ੍ਹਿਆਂ ਵਿੱਚ ਇੱਕੋ ਵੇਲੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਈ.ਡੀ. ਦੀਆਂ ਵੱਖ-ਵੱਖ ਟੀਮਾਂ ਨੇ ਸਵੇਰੇ ਤੜਕਸਾਰ ਹੀ ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਮਾਈਨਿੰਗ (ਕਰੱਸ਼ਰ ਉਦਯੋਗ) ਅਤੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਪ੍ਰਭਾਵਸ਼ਾਲੀ ਲੋਕਾਂ ਦੇ ਟਿਕਾਣਿਆਂ 'ਤੇ ਦਸਤਕ ਦਿੱਤੀ। ਇਸ ਅਚਨਚੇਤ ਕਾਰਵਾਈ ਕਾਰਨ ਕਾਰੋਬਾਰੀ ਅਤੇ ਸਿਆਸੀ ਗਲਿਆਰਿਆਂ ਵਿੱਚ ਭਾਰੀ ਹੜਕੰਪ ਮਚ ਗਿਆ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਈ.ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਅੰਜਾਮ ਦਿੱਤੀ ਜਾ ਰਹੀ ਹੈ, ਜਿਸ ਵਿੱਚ ਕਰੀਬ 20 ਉੱਚ ਅਧਿਕਾਰੀ ਸ਼ਾਮਲ ਹਨ।


ਫਿਰੋਜ਼ਪੁਰ ਸ਼ਹਿਰ: ਇੱਥੇ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੇ ਈ.ਡੀ. ਦੇ ਅਧਿਕਾਰੀਆਂ ਨੇ ਇੱਕ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਨੂੰ ਘੇਰੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕੀਤੀ।


ਪਠਾਨਕੋਟ (ਤਾਰਾਗੜ੍ਹ): ਟੀਮ ਨੇ ਪਿੰਡ ਤਾਰਾਗੜ੍ਹ ਦੇ ਸਾਬਕਾ ਸਰਪੰਚ, ਜੋ ਕਿ ਪ੍ਰਾਪਰਟੀ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ, ਦੇ ਨਿਵਾਸ ਸਥਾਨ 'ਤੇ ਤਲਾਸ਼ੀ ਮੁਹਿੰਮ ਚਲਾਈ।


ਪਠਾਨਕੋਟ ਜ਼ਿਲ੍ਹੇ ਵਿੱਚ ਕਾਰਵਾਈ ਨੂੰ ਹੋਰ ਵਧਾਉਂਦਿਆਂ ਏਜੰਸੀ ਨੇ ਕਰੱਸ਼ਰ ਉਦਯੋਗ ਨਾਲ ਜੁੜੇ ਦੋ ਵੱਡੇ ਕਾਰੋਬਾਰੀਆਂ ਦੇ ਚਾਰ ਵੱਖ-ਵੱਖ ਟਿਕਾਣਿਆਂ 'ਤੇ ਸ਼ਿਕੰਜਾ ਕੱਸਿਆ। ਈ.ਡੀ. ਦੀਆਂ ਟੀਮਾਂ ਨੇ ਇੱਕ ਨਾਮੀ ਕਰੱਸ਼ਰ ਮਾਲਕ ਦੇ ਸੈਲੀ ਰੋਡ ਸਥਿਤ ਪਾਰਕ ਐਵੇਨਿਊ ਹੋਟਲ ਦੇ ਕੋਲ ਬਣੇ ਮੁੱਖ ਦਫ਼ਤਰ ਅਤੇ ਸਰਹੱਦੀ ਖੇਤਰ ਦੇ ਪਿੰਡ ਦਤਿਆਲ ਵਿੱਚ ਸਥਿਤ ਮਾਈਨਿੰਗ ਕਰੱਸ਼ਰ ਯੂਨਿਟ 'ਤੇ ਇੱਕੋ ਵੇਲੇ ਛਾਪਾ ਮਾਰਿਆ। ਇਸ ਤੋਂ ਇਲਾਵਾ, ਸੈਲੀ ਰੋਡ ਪੈਟਰੋਲ ਪੰਪ ਨੇੜਲੀ ਗਲੀ ਵਿੱਚ ਰਹਿੰਦੇ ਇੱਕ ਹੋਰ ਨਾਮਵਰ ਕਰੱਸ਼ਰ ਆਪਰੇਟਰ ਦੇ ਘਰ ਅੰਦਰ ਵੀ ਜਾਂਚ ਚੱਲ ਰਹੀ ਹੈ।


ਸੁਰੱਖਿਆ ਦੇ ਲਿਹਾਜ਼ ਨਾਲ ਜਾਂਚ ਵਾਲੀਆਂ ਥਾਵਾਂ 'ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਮੀਡੀਆ ਸਮੇਤ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।


ਅੰਦਰੂਨੀ ਸੂਤਰਾਂ ਅਨੁਸਾਰ, ਏਜੰਸੀ ਵੱਲੋਂ ਸ਼ੱਕੀ ਵਿੱਤੀ ਲੈਣ-ਦੇਣ, ਬੈਂਕ ਖਾਤਿਆਂ ਦੀ ਡਿਟੇਲ, ਜਾਇਦਾਦ ਦੇ ਦਸਤਾਵੇਜ਼ਾਂ ਅਤੇ ਹਾਲ ਹੀ ਦੇ ਸਾਲਾਂ ਵਿੱਚ ਹੋਈ ਕਮਾਈ ਦੇ ਰਿਕਾਰਡ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਹਾਲਾਂਕਿ, ਈ.ਡੀ. ਦੇ ਸੀਨੀਅਰ ਅਧਿਕਾਰੀਆਂ ਨੇ ਅਜੇ ਤੱਕ ਇਸ ਕਾਰਵਾਈ ਦੇ ਮੁੱਖ ਕਾਰਨਾਂ ਜਾਂ ਕਿਸੇ ਖ਼ਾਸ ਕੇਸ (ਐਫ.ਆਈ.ਆਰ.) ਦੇ ਸਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਟਿਕਾਣਿਆਂ ਤੋਂ ਮਿਲੇ ਰਿਕਾਰਡ ਦੀ ਜਾਂਚ ਤੋਂ ਬਾਅਦ ਏਜੰਸੀ ਵੱਲੋਂ ਜਲਦੀ ਹੀ ਕੋਈ ਪ੍ਰੈਸ ਨੋਟ ਜਾਰੀ ਕਰਕੇ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.