IMG-LOGO
ਹੋਮ ਪੰਜਾਬ: ਮਜੀਠਾ 'ਚ ਇਸ਼ਕ ਦਾ ਖ਼ੌਫ਼ਨਾਕ ਅੰਤ: ਗੱਲਬਾਤ ਬੰਦ ਹੋਣ ਤੋਂ...

ਮਜੀਠਾ 'ਚ ਇਸ਼ਕ ਦਾ ਖ਼ੌਫ਼ਨਾਕ ਅੰਤ: ਗੱਲਬਾਤ ਬੰਦ ਹੋਣ ਤੋਂ ਖਫ਼ਾ ਸਿਰਫ਼ਿਰੇ ਆਸ਼ਿਕ ਨੇ ਖ਼ੁਦ ਨੂੰ ਲਾਈ ਅੱਗ; ਮਹਿਲਾ ਤੇ ਉਸ ਦਾ ਭਰਾ ਵੀ ਗੰਭੀਰ...

Admin User - Jul 16, 2026 01:14 PM
IMG

ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਜੀਠਾ ਅਧੀਨ ਆਉਂਦੇ ਇਲਾਕੇ ਵਿੱਚ ਪ੍ਰੇਮ ਪ੍ਰਸੰਗ ਦੇ ਚਲਦਿਆਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਪਹਿਲਾਂ ਆਪਣੇ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਲਈ ਅਤੇ ਫਿਰ ਦੂਰੀ ਬਣਾ ਚੁੱਕੀ ਮਹਿਲਾ ਨੂੰ ਮੌਤ ਦੇ ਘਾਟ ਉਤਾਰਨ ਲਈ ਉਸ ਨੂੰ ਵੀ ਜਬਰਨ ਬਾਹਾਂ ਵਿੱਚ ਜਕੜ ਲਿਆ। ਇਸ ਭਿਆਨਕ ਹਾਦਸੇ ਵਿੱਚ ਅੱਗ ਲਗਾਉਣ ਵਾਲੇ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਮਹਿਲਾ ਅਤੇ ਉਸ ਨੂੰ ਬਚਾਉਣ ਆਇਆ ਉਸ ਦਾ ਚਚੇਰਾ ਭਰਾ ਗੰਭੀਰ ਰੂਪ ਵਿੱਚ ਝੁਲਸ ਗਏ। ਦੋਵਾਂ ਨੂੰ ਨਾਜ਼ੁਕ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


ਪੁਲਿਸ ਦੀ ਮੁਢਲੀ ਪੜਤਾਲ ਮੁਤਾਬਕ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (ਵਾਸੀ ਪਿੰਡ ਬੱਲ ਖੁਰਦ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਪਹਿਲਾਂ ਹੀ ਸ਼ਾਦੀਸ਼ੁਦਾ ਸੀ, ਪਰ ਉਸ ਦੇ ਮਜੀਠਾ ਦੀ ਰਹਿਣ ਵਾਲੀ ਉਕਤ ਮਹਿਲਾ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਬੀਤੇ ਕੁਝ ਸਮੇਂ ਤੋਂ ਮਹਿਲਾ ਨੇ ਸੰਦੀਪ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਉਸ ਨਾਲ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ, ਜਿਸ ਕਾਰਨ ਸੰਦੀਪ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਸੀ।


ਬੁੱਧਵਾਰ ਨੂੰ ਉਹ ਮਹਿਲਾ ਦੇ ਘਰ ਦੇ ਬਾਹਰ ਪਹੁੰਚਿਆ, ਜਿੱਥੇ ਦੋਵਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਗੁੱਸੇ ਨਾਲ ਲਾਲ-ਪੀਲੇ ਹੋਏ ਸੰਦੀਪ ਨੇ ਆਪਣੇ ਮੋਟਰਸਾਈਕਲ ਦੇ ਟੈਂਕ 'ਚੋਂ ਪੈਟਰੋਲ ਕੱਢਿਆ, ਆਪਣੇ ਉੱਪਰ ਛਿੜਕ ਕੇ ਅੱਗ ਲਗਾ ਲਈ ਅਤੇ ਲਪਟਾਂ ਦੇ ਵਿਚਕਾਰ ਹੀ ਮਹਿਲਾ ਨੂੰ ਦਬੋਚ ਲਿਆ।


ਜਦੋਂ ਮਹਿਲਾ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਚੀਕਾਂ ਮਾਰਨ ਲੱਗੀ, ਤਾਂ ਉਸ ਦਾ ਚਚੇਰਾ ਭਰਾ ਹਰਪਾਲ ਸਿੰਘ ਉਸ ਨੂੰ ਬਚਾਉਣ ਲਈ ਅੱਗੇ ਵਧਿਆ। ਪਰ ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਹਰਪਾਲ ਸਿੰਘ ਵੀ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਸੰਦੀਪ ਸਿੰਘ ਦਮ ਤੋੜ ਚੁੱਕਾ ਸੀ।


ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਜੀਠਾ ਦੇ ਐਸ.ਐਚ.ਓ. (SHO) ਕਰਮਪਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ।


ਐਸ.ਐਚ.ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਮਹਿਲਾ ਅਤੇ ਉਸ ਦੇ ਭਰਾ ਹਰਪਾਲ ਸਿੰਘ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਅਤੇ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ। ਡਾਕਟਰਾਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਦੋਵਾਂ ਦੇ ਅਧਿਕਾਰਤ ਬਿਆਨ ਦਰਜ ਕੀਤੇ ਜਾਣਗੇ, ਜਿਸ ਦੇ ਆਧਾਰ 'ਤੇ ਅਗਲੀ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਲਾਕੇ ਵਿੱਚ ਇਸ ਖ਼ੌਫ਼ਨਾਕ ਵਾਰਦਾਤ ਨੂੰ ਲੈ ਕੇ ਭਾਰੀ ਚਰਚਾ ਦਾ ਮਾਹੌਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.