IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ 'ਚ ਵੱਡੀ ਹਲਚਲ: ਦਿੱਲੀ ਦਰਬਾਰ 'ਚ ਬੈਠਕਾਂ ਦਾ...

ਪੰਜਾਬ ਕਾਂਗਰਸ 'ਚ ਵੱਡੀ ਹਲਚਲ: ਦਿੱਲੀ ਦਰਬਾਰ 'ਚ ਬੈਠਕਾਂ ਦਾ ਦੌਰ ਤੇਜ਼; ਰਾਜਾ ਵੜਿੰਗ ਦੀ ਪ੍ਰਧਾਨਗੀ ਰਹਿ ਸਕਦੀ ਹੈ ਬਰਕਰਾਰ, ਚੰਨੀ ਨੂੰ ਝਟਕੇ ਦੇ ਆਸਾਰ

Admin User - Jul 16, 2026 11:24 AM
IMG

ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚ ਗਿਆ ਹੈ, ਜਿੱਥੇ ਹਾਈਕਮਾਂਡ ਨੇ ਸੂਬੇ ਦੀ ਲੀਡਰਸ਼ਿਪ ਦੇ ਭਵਿੱਖ ਨੂੰ ਲੈ ਕੇ ਵੱਡੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਹਿਮ ਮੁਲਾਕਾਤ ਕੀਤੀ। ਇਸ ਹਾਈ-ਪ੍ਰੋਫਾਈਲ ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਵੀ ਪੰਜਾਬ ਦੇ ਕਈ ਸੀਨੀਅਰ ਆਗੂਆਂ ਨੇ ਬੰਦ ਕਮਰਾ ਗੱਲਬਾਤ ਕੀਤੀ ਸੀ। ਸੂਤਰਾਂ ਮੁਤਾਬਕ, ਹਾਈਕਮਾਂਡ ਹੁਣ ਪੰਜਾਬ ਦੇ ਜਥੇਬੰਦਕ ਢਾਂਚੇ ਬਾਰੇ ਕਿਸੇ ਵੀ ਵੇਲੇ ਆਪਣੇ ਅੰਤਿਮ ਫ਼ੈਸਲੇ 'ਤੇ ਮੋਹਰ ਲਗਾ ਸਕਦੀ ਹੈ।


ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸੂਬੇ ਦੇ ਸਿਆਸੀ ਹਾਲਾਤ ਅਤੇ ਆਗੂਆਂ ਦੇ ਰੁਖ਼ ਨੂੰ ਲੈ ਕੇ ਤਿਆਰ ਕੀਤੀ ਅੰਦਰੂਨੀ ਰਿਪੋਰਟ ਕੇ.ਸੀ. ਵੇਣੂਗੋਪਾਲ ਨੂੰ ਸੌਂਪ ਦਿੱਤੀ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਰਿਪੋਰਟ ਵਿੱਚ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਅਹੁਦੇ 'ਤੇ ਬਰਕਰਾਰ ਰੱਖਣ ਦੀ ਵਕਾਲਤ ਕੀਤੀ ਗਈ ਹੈ। ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੂੰ ਇਸ ਰਿਪੋਰਟ ਨਾਲ ਵੱਡਾ ਝਟਕਾ ਲੱਗਣ ਦੇ ਆਸਾਰ ਹਨ। ਬਘੇਲ ਪਹਿਲਾਂ ਹੀ ਇਹ ਬਿਆਨ ਦੇ ਕੇ ਆਪਣੇ ਇਰਾਦੇ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੋਈ 'ਗੁੱਡੇ-ਗੁੱਡਿਆਂ ਦਾ ਖੇਡ' ਨਹੀਂ ਹੈ, ਜਿਸ ਨੂੰ ਬਾਰ-ਬਾਰ ਬਦਲਿਆ ਜਾਵੇ।


ਹਾਈਕਮਾਂਡ ਨੂੰ ਸੌਂਪੀ ਗਈ ਰਿਪੋਰਟ ਦੇ ਸਿਆਸੀ ਅੰਕੜੇ ਪੂਰੀ ਤਰ੍ਹਾਂ ਰਾਜਾ ਵੜਿੰਗ ਦੇ ਪੱਖ ਵਿੱਚ ਜਾਂਦੇ ਦਿਖਾਈ ਦੇ ਰਹੇ ਹਨ। ਰਿਪੋਰਟ ਮੁਤਾਬਕ ਪੰਜਾਬ ਦੇ ਕੁੱਲ 29 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 25 ਪ੍ਰਧਾਨ ਅਤੇ ਸੂਬੇ ਦੇ 7 ਕਾਂਗਰਸੀ ਸੰਸਦ ਮੈਂਬਰਾਂ (MPs) ਵਿੱਚੋਂ 4 ਸੰਸਦ ਮੈਂਬਰ ਮੌਜੂਦਾ ਪ੍ਰਧਾਨ ਵੜਿੰਗ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੀ ਅਗਵਾਈ ਦਾ ਪੂਰਨ ਸਮਰਥਨ ਕਰਦੇ ਹਨ। ਇਸ ਬਹੁਮਤ ਕਾਰਨ ਹਾਈਕਮਾਂਡ ਲਈ ਇਸ ਸਮੇਂ ਪ੍ਰਧਾਨ ਬਦਲਣਾ ਸਿਆਸੀ ਤੌਰ 'ਤੇ ਨੁਕਸਾਨਦੇਹ ਸਾਬਤ ਹੋ ਸਕਦਾ ਹੈ।


ਜੇਕਰ ਕਾਂਗਰਸ ਹਾਈਕਮਾਂਡ ਰਾਜਾ ਵੜਿੰਗ ਦੇ ਨਾਮ 'ਤੇ ਅੰਤਿਮ ਮੋਹਰ ਲਗਾਉਂਦੀ ਹੈ, ਤਾਂ ਪਾਰਟੀ ਅੰਦਰ ਕਿਸੇ ਸੰਭਾਵੀ ਬਗਾਵਤ ਨੂੰ ਰੋਕਣ ਅਤੇ ਚਰਨਜੀਤ ਸਿੰਘ ਚੰਨੀ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ।


ਪਾਰਟੀ ਸੂਤਰਾਂ ਅਨੁਸਾਰ ਚੰਨੀ ਨੂੰ ਮਨਾਉਣ ਅਤੇ ਪਾਰਟੀ ਅੰਦਰ ਸੰਤੁਲਨ ਬਣਾਏ ਰੱਖਣ ਦੀ ਅਹਿਮ ਜ਼ਿੰਮੇਵਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਗਈ ਹੈ। ਇਸੇ ਰਣਨੀਤੀ ਤਹਿਤ ਬੁੱਧਵਾਰ ਨੂੰ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨਾਲ ਲੰਬੀ ਮੁਲਾਕਾਤ ਕੀਤੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਨੂੰ ਖ਼ਤਮ ਕਰਨ ਲਈ ਹਾਈਕਮਾਂਡ ਵੱਲੋਂ ਸਾਰੇ ਧੜਿਆਂ ਨੂੰ ਇੱਕਜੁੱਟ ਰੱਖਣ ਵਾਲੇ ਕਿਸੇ ਸਾਂਝੇ ਫਾਰਮੂਲੇ ਦਾ ਐਲਾਨ ਕੀਤਾ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.