ਤਾਜਾ ਖਬਰਾਂ
ਲੁਧਿਆਣਾ ਦੇ ਅਧੀਨ ਆਉਂਦੇ ਕੁਹਾੜਾ ਖੇਤਰ ਦੇ ਪਿੰਡ ਚੌਹਾਨ ਭੈਣੀ (ਚਾਲੂ ਭੈਣੀ) ਵਿੱਚ ਸਵੇਰੇ-ਸਵੇਰੇ ਇੱਕ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇੱਕ ਨਿੱਜੀ (ਪ੍ਰਾਈਵੇਟ) ਸਕੂਲ ਦੀ ਬੱਸ ਨੇ 3 ਸਾਲ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸਮਰਦੀਪ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰ ਬੱਚੇ ਦੇ ਉੱਪਰੋਂ ਲੰਘ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਤਕਰੀਬਨ ਸਵੇਰੇ 7 ਵਜੇ ਉਸ ਵੇਲੇ ਵਾਪਰਿਆ ਜਦੋਂ ਇੱਕ ਮਾਂ ਆਪਣੀ ਧੀ (ਸਮਰਦੀਪ ਦੀ ਵੱਡੀ ਭੈਣ) ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰੋਂ ਬਾਹਰ ਆਈ ਸੀ। 3 ਸਾਲ ਦਾ ਸਮਰਦੀਪ ਵੀ ਆਪਣੀ ਮਾਂ ਦੇ ਨਾਲ ਹੀ ਬਾਹਰ ਆ ਗਿਆ ਸੀ।
ਜਦੋਂ ਮਾਂ ਆਪਣੀ ਬੱਚੀ ਨੂੰ ਬੱਸ ਦੇ ਅੰਦਰ ਚੜ੍ਹਾ ਰਹੀ ਸੀ, ਤਾਂ ਉਸੇ ਵੇਲੇ ਖੇਡਦਾ ਹੋਇਆ ਸਮਰਦੀਪ ਬੱਸ ਦੇ ਅਗਲੇ ਪਾਸੇ ਚਲਾ ਗਿਆ। ਬੱਚੀ ਦੇ ਬੱਸ ਵਿੱਚ ਬੈਠਦੇ ਹੀ ਡਰਾਈਵਰ ਨੇ ਬਿਨਾਂ ਅੱਗੇ ਦੇਖੇ ਲਾਪਰਵਾਹੀ ਨਾਲ ਬੱਸ ਤੋਰ ਦਿੱਤੀ। ਅੱਗੇ ਖੜ੍ਹਾ ਮਾਸੂਮ ਬੱਚਾ ਡਰਾਈਵਰ ਨੂੰ ਦਿਖਾਈ ਨਹੀਂ ਦਿੱਤਾ ਅਤੇ ਬੱਸ ਉਸ ਦੇ ਉੱਪਰ ਚੜ੍ਹ ਗਈ।
ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਡਰਾਈਵਰ ਨੇ ਮੌਕੇ ਤੋਂ ਬੱਸ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੌਜੂਦ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਪਿੱਛਾ ਕਰਕੇ ਬੱਸ ਨੂੰ ਘੇਰ ਲਿਆ ਅਤੇ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਮ੍ਰਿਤਕ ਬੱਚੇ ਦੇ ਚਾਚਾ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਸੀ। ਬੱਸ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਅਤੇ ਚੜ੍ਹਾਉਣ-ਉਤਾਰਨ ਲਈ ਕੋਈ ਵੀ ਕੰਡਕਟਰ ਜਾਂ ਲੇਡੀ ਅਟੈਂਡੈਂਟ ਮੌਜੂਦ ਨਹੀਂ ਸੀ। ਇਸ ਤੋਂ ਵੀ ਵੱਡਾ ਖ਼ੁਲਾਸਾ ਇਹ ਹੋਇਆ ਕਿ ਬੱਸ ਚਲਾ ਰਿਹਾ ਨੌਜਵਾਨ ਮਹਿਜ਼ 19 ਸਾਲ ਦਾ ਸੀ ਅਤੇ ਜਦੋਂ ਲੋਕਾਂ ਨੇ ਉਸ ਕੋਲੋਂ ਡਰਾਈਵਿੰਗ ਲਾਇਸੈਂਸ ਮੰਗਿਆ ਤਾਂ ਉਸ ਕੋਲ ਕੋਈ ਲਾਇਸੈਂਸ ਨਹੀਂ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਮੁਤਾਬਕ ਬੱਚਾ ਬੱਸ ਚੜ੍ਹਨ ਦੌਰਾਨ ਅਚਾਨਕ ਟਾਇਰ ਥੱਲੇ ਆ ਗਿਆ ਸੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਲਾਪਰਵਾਹੀ ਵਰਤਣ ਵਾਲੇ ਸਕੂਲ ਪ੍ਰਬੰਧਕਾਂ ਅਤੇ ਬਿਨਾਂ ਲਾਇਸੈਂਸ ਦੇ ਬੱਸ ਚਲਾਉਣ ਵਾਲੇ ਡਰਾਈਵਰ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.