IMG-LOGO
ਹੋਮ ਪੰਜਾਬ: ਬਟਾਲਾ ਦੇ ਪਿੰਡ ਮੰਨਣ 'ਚ ਪੁਰਾਣੀ ਰੰਜਿਸ਼ ਨੇ ਲਿਆ ਖੂਨੀ...

ਬਟਾਲਾ ਦੇ ਪਿੰਡ ਮੰਨਣ 'ਚ ਪੁਰਾਣੀ ਰੰਜਿਸ਼ ਨੇ ਲਿਆ ਖੂਨੀ ਰੂਪ, ਸਾਢੂ ਨੇ ਸਾਥੀਆਂ ਸਮੇਤ ਘਰ 'ਚ ਵੜ ਕੇ ਕੀਤਾ ਸਾਢੂ ਦਾ ਕਤਲ; 7 ਖ਼ਿਲਾਫ਼...

Admin User - Jul 13, 2026 09:18 PM
IMG

ਬਟਾਲਾ ਦੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਮੰਨਣ ਵਿੱਚ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ। ਇਸ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਉਸਦੇ ਹੀ ਸਾਢੂ ਵੱਲੋਂ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ। ਹਮਲੇ ਦੌਰਾਨ ਮ੍ਰਿਤਕ ਦੀ ਮਾਂ ਅਤੇ ਧੀ ਵੀ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਤੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸਦੇ ਸਾਢੂ ਰਾਜ ਸਿੰਘ ਪੁੱਤਰ ਆਤਮਾ ਸਿੰਘ, ਜੋ ਸ਼ਰੀਕੇ ਵਿੱਚ ਚਾਚੇ ਦੇ ਪੁੱਤਰ ਭਰਾ ਵੀ ਦੱਸੇ ਜਾਂਦੇ ਹਨ, ਵਿਚਕਾਰ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਝਗੜਾ ਵੀ ਹੋਇਆ ਸੀ, ਜਿਸ ਨੂੰ ਪਿੰਡ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਦੀ ਦਖ਼ਲਅੰਦਾਜ਼ੀ ਨਾਲ ਸੁਲਝਾ ਦਿੱਤਾ ਗਿਆ ਸੀ। ਹਾਲਾਂਕਿ, ਪਰਿਵਾਰ ਦਾ ਦੋਸ਼ ਹੈ ਕਿ ਰੰਜਿਸ਼ ਖਤਮ ਨਹੀਂ ਹੋਈ ਅਤੇ ਇਸੇ ਦੇ ਚੱਲਦਿਆਂ ਇਹ ਵਾਰਦਾਤ ਵਾਪਰੀ।

ਦੋਸ਼ ਹੈ ਕਿ ਬੀਤੇ ਦਿਨ ਰਾਜ ਸਿੰਘ ਆਪਣੇ ਕੁਝ ਸਾਥੀਆਂ ਨਾਲ ਯੋਜਨਾਬੱਧ ਢੰਗ ਨਾਲ ਦਵਿੰਦਰ ਸਿੰਘ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਦਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਨੇ ਦੋਸ਼ ਲਗਾਇਆ ਕਿ ਹਮਲੇ ਵਿੱਚ ਰਾਜ ਸਿੰਘ, ਉਸਦੀ ਪਤਨੀ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨ। ਉਸਨੇ ਦੱਸਿਆ ਕਿ ਵਾਰਦਾਤ ਸਮੇਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੋਈ ਸੀ। ਇਸ ਦੌਰਾਨ ਉਸਦੀ ਧੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ 'ਤੇ ਹਮਲਾ ਹੋ ਗਿਆ ਹੈ। ਜਦੋਂ ਉਹ ਘਰ ਪਹੁੰਚੀ ਤਾਂ ਦਵਿੰਦਰ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਜਾ ਚੁੱਕਾ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।

ਉਸਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਨੇ ਘਰ ਵਿੱਚ ਮੌਜੂਦ ਦਵਿੰਦਰ ਸਿੰਘ ਦੀ ਮਾਤਾ ਕੁਲਵੰਤ ਕੌਰ ਅਤੇ ਧੀ ਮਨਪ੍ਰੀਤ ਕੌਰ 'ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਗੁਰਜੀਤ ਕੌਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ।

ਉੱਧਰ, ਥਾਣਾ ਰੰਗੜ ਨੰਗਲ ਦੀ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਰਾਜ ਸਿੰਘ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.