ਤਾਜਾ ਖਬਰਾਂ
ਫਰੀਦਕੋਟ ਵਿੱਚ ਸੋਮਵਾਰ ਦੁਪਹਿਰ ਇੱਕ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਘਰ ਵਿੱਚ ਇਕੱਲੀ ਮੌਜੂਦ 43 ਸਾਲਾ ਮਹਿਲਾ ਨੀਤੂ ਕਾਲੜਾ ਦਾ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਸ ਦੇ ਪਤੀ ਪ੍ਰਦੀਪ ਕਾਲੜਾ, ਜੋ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ, ਦੁਪਹਿਰ ਕਰੀਬ 2:15 ਵਜੇ ਡਿਊਟੀ ਤੋਂ ਘਰ ਵਾਪਸ ਪਹੁੰਚੇ। ਕਈ ਵਾਰ ਦਰਵਾਜ਼ਾ ਖੜਕਾਉਣ ਅਤੇ ਆਵਾਜ਼ਾਂ ਮਾਰਨ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਗੁਆਂਢੀਆਂ ਅਤੇ ਆਪਣੀ ਭਰਜਾਈ ਦੀ ਮਦਦ ਲਈ ਬੁਲਾਇਆ।
ਭਰਜਾਈ ਜਦੋਂ ਘਰ ਅੰਦਰ ਗਈ ਤਾਂ ਬੈੱਡਰੂਮ ਵਿੱਚ ਖੂਨ ਦੇ ਨਿਸ਼ਾਨ ਦੇਖ ਕੇ ਘਬਰਾ ਗਈ ਅਤੇ ਤੁਰੰਤ ਪ੍ਰਦੀਪ ਨੂੰ ਅੰਦਰ ਬੁਲਾਇਆ। ਉੱਥੇ ਨੀਤੂ ਕਾਲੜਾ ਦੀ ਖੂਨ ਨਾਲ ਲੱਥਪੱਥ ਲਾਸ਼ ਬਿਸਤਰੇ ਕੋਲ ਪਈ ਸੀ। ਉਸ ਦੀ ਗਰਦਨ ਅਤੇ ਹੱਥਾਂ 'ਤੇ ਤੇਜ਼ਧਾਰ ਹਥਿਆਰ ਨਾਲ ਡੂੰਘੇ ਜ਼ਖ਼ਮ ਸਨ। ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਲਾਸ਼ ਦੇ ਹੇਠਲੇ ਹਿੱਸੇ 'ਤੇ ਕੱਪੜੇ ਨਹੀਂ ਸਨ, ਜਿਸ ਕਾਰਨ ਪੁਲਿਸ ਇਸ ਮਾਮਲੇ ਦੇ ਹਰ ਸੰਭਾਵਿਤ ਪੱਖ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਮ੍ਰਿਤਕਾ ਨੀਤੂ ਕਾਲੜਾ ਮੁਹੱਲਾ ਜਾਨੀਆ ਦੀ ਰਹਿਣ ਵਾਲੀ ਸੀ ਅਤੇ ਅਪਾਹਜ ਸੀ। ਉਸ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਨਾ ਤਾਂ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਸੀ ਅਤੇ ਨਾ ਹੀ ਘਰ ਵਿੱਚ ਕੋਈ ਅਜਿਹੀ ਕੀਮਤੀ ਵਸਤੂ ਸੀ ਜਿਸ ਲਈ ਲੁੱਟ ਦੀ ਨੀਅਤ ਨਾਲ ਇਹ ਘਟਨਾ ਕੀਤੀ ਗਈ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਉਸ ਸਮੇਂ ਸਕੂਲ ਵਿੱਚ ਸਨ, ਜਦਕਿ ਨੀਤੂ ਘਰ ਵਿੱਚ ਇਕੱਲੀ ਸੀ।
ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਨਹੀਂ ਹੈ ਅਤੇ ਹਰ ਸੰਭਾਵਿਤ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਜਲਦ ਕਾਬੂ ਕੀਤਾ ਜਾਵੇਗਾ।
Get all latest content delivered to your email a few times a month.