ਤਾਜਾ ਖਬਰਾਂ
ਰਵਾਇਤੀ ਫਸਲਾਂ ਦੀ ਬਜਾਏ ਨਵੀਂ ਅਤੇ ਉੱਚ ਮੁੱਲ ਵਾਲੀ ਖੇਤੀ ਅਪਣਾ ਕੇ ਬਰਨਾਲਾ ਦੇ ਪਿੰਡ ਬੱਲੋਕੇ ਦੇ ਨੌਜਵਾਨ ਕਿਸਾਨ ਰਸ਼ਪਾਲ ਸਿੰਘ ਨੇ ਸਫਲਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਸਿਰਫ਼ ਦੋ ਕਮਰਿਆਂ ਵਿੱਚ ਸ਼ੁਰੂ ਕੀਤੀ ਕੋਰਡੀਸੈਪਸ ਮਿਲਟਰੀਸ (Cordyceps militaris) ਮਸ਼ਰੂਮ ਦੀ ਖੇਤੀ ਨੇ ਅੱਜ ਉਸ ਨੂੰ ਹਰ ਸਾਲ ਲੱਖਾਂ ਰੁਪਏ ਦੀ ਆਮਦਨ ਦੇਣ ਵਾਲਾ ਸਫਲ ਉਦਮੀ ਬਣਾ ਦਿੱਤਾ ਹੈ।
ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਵਿਲੱਖਣ ਮਸ਼ਰੂਮ ਦੀ ਕਾਸ਼ਤ ਸਾਲ 2018 ਵਿੱਚ ਉਸ ਵੇਲੇ ਸ਼ੁਰੂ ਕੀਤੀ, ਜਦੋਂ ਭਾਰਤ ਵਿੱਚ ਇਸ ਸੰਬੰਧੀ ਨਾ ਤਾਂ ਕੋਈ ਸਿਖਲਾਈ ਉਪਲਬਧ ਸੀ ਅਤੇ ਨਾ ਹੀ ਮਾਹਿਰਾਂ ਦੀ ਮਦਦ। ਵਿਦੇਸ਼ਾਂ ਵਿੱਚ ਇਸ ਦੀ ਟ੍ਰੇਨਿੰਗ ਲਈ 2.5 ਤੋਂ 3 ਲੱਖ ਰੁਪਏ ਦਾ ਖਰਚਾ ਸੀ, ਜਦਕਿ ਮਾਹਿਰ ਇਸ ਕਾਰੋਬਾਰ ਲਈ ਘੱਟੋ-ਘੱਟ 50 ਲੱਖ ਰੁਪਏ ਦੇ ਨਿਵੇਸ਼ ਦੀ ਸਲਾਹ ਦਿੰਦੇ ਸਨ। ਪਰ ਰਸ਼ਪਾਲ ਨੇ ਹਿੰਮਤ ਨਹੀਂ ਹਾਰੀ। ਉਸ ਨੇ ਵਿਦੇਸ਼ੀ ਵਿਗਿਆਨੀਆਂ ਦੇ ਖੋਜ ਪੱਤਰਾਂ ਅਤੇ ਆਨਲਾਈਨ ਉਪਲਬਧ ਵਿਗਿਆਨਕ ਲੇਖਾਂ ਦਾ ਅਧਿਐਨ ਕਰਕੇ ਖੁਦ ਹੀ ਇਸ ਤਕਨੀਕ ਨੂੰ ਸਮਝਿਆ ਅਤੇ ਲਗਾਤਾਰ ਪ੍ਰਯੋਗਾਂ ਰਾਹੀਂ ਇਸ ਵਿੱਚ ਮੁਹਾਰਤ ਹਾਸਲ ਕੀਤੀ।
ਉਸ ਨੇ ਕੇਵਲ ਇੱਕ ਲੱਖ ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਇੱਕ ਛੋਟੇ ਕਮਰੇ ਵਿੱਚ ਏਅਰ ਕੰਡੀਸ਼ਨਰ ਅਤੇ ਨਮੀ ਕੰਟਰੋਲ ਸਿਸਟਮ ਲਗਾ ਕੇ ਕੰਮ ਸ਼ੁਰੂ ਕੀਤਾ। ਸ਼ੁਰੂਆਤੀ ਮਹੀਨਿਆਂ ਵਿੱਚ ਲਗਭਗ ਅੱਧੇ ਕੰਟੇਨਰ ਫੰਗਸ ਅਤੇ ਗੰਦਗੀ ਕਾਰਨ ਖਰਾਬ ਹੋ ਜਾਂਦੇ ਸਨ, ਪਰ ਤਜਰਬੇ ਨਾਲ ਉਸ ਨੇ ਉਤਪਾਦਨ ਵਿੱਚ ਸੁਧਾਰ ਕੀਤਾ ਅਤੇ ਅੱਜ ਪੂਰੀ ਪ੍ਰਕਿਰਿਆ ਨੂੰ ਲੈਮੀਨਰ ਏਅਰ ਫਲੋ ਕੈਬਨਿਟ ਅਤੇ ਟਿਸ਼ੂ ਕਲਚਰ ਤਕਨਾਲੋਜੀ ਰਾਹੀਂ ਬਹੁਤ ਸਾਫ਼-ਸੁਥਰੇ ਵਾਤਾਵਰਣ ਵਿੱਚ ਅੰਜ਼ਾਮ ਦਿੰਦਾ ਹੈ।
ਰਸ਼ਪਾਲ ਦੀ ਮਿਹਨਤ ਦਾ ਨਤੀਜਾ ਇਹ ਹੈ ਕਿ ਅੱਜ ਉਸ ਦੇ ਗਾਹਕ ਸਿਰਫ਼ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਹਨ। ਯੂਕੇ, ਅਮਰੀਕਾ, ਕੈਨੇਡਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ, ਵੱਖ-ਵੱਖ ਰਾਜਾਂ ਦੇ ਖਿਡਾਰੀ ਅਤੇ ਸਿਹਤ ਪ੍ਰਤੀ ਜਾਗਰੂਕ ਲੋਕ ਉਸ ਤੋਂ ਸਿੱਧੀ ਖਰੀਦਦਾਰੀ ਕਰਦੇ ਹਨ। ਉਸ ਦੇ ਉਤਪਾਦ ਦੀ ਗੁਣਵੱਤਾ ਕਾਰਨ ਉਸ ਨੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਉਸ ਦੀ ਇਸ ਨਵੀਨ ਸੋਚ ਅਤੇ ਸਫਲਤਾ ਨੂੰ ਸਰਕਾਰੀ ਪੱਧਰ 'ਤੇ ਵੀ ਮਾਨਤਾ ਮਿਲੀ। ਸਾਲ 2019 ਵਿੱਚ ਬਰਨਾਲਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਰਸ਼ਪਾਲ ਸਿੰਘ ਨੂੰ 60 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਰਸ਼ਪਾਲ ਸਿੰਘ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਨਵੀਂ ਤਕਨਾਲੋਜੀ ਅਪਣਾਉਣ, ਖੋਜ ਅਤੇ ਸਿੱਖਣ ਦੀ ਲਗਨ ਰੱਖਣ, ਤਾਂ ਘੱਟ ਨਿਵੇਸ਼ ਨਾਲ ਵੀ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਸ ਦੀ ਇਹ ਕਹਾਣੀ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਪ੍ਰੇਰਣਾ ਬਣ ਚੁੱਕੀ ਹੈ, ਜੋ ਰਵਾਇਤੀ ਖੇਤੀ ਤੋਂ ਹਟ ਕੇ ਨਵੇਂ ਖੇਤੀਬਾੜੀ ਕਾਰੋਬਾਰਾਂ ਵਿੱਚ ਆਪਣਾ ਭਵਿੱਖ ਦੇਖ ਰਹੇ ਹਨ।
Get all latest content delivered to your email a few times a month.