IMG-LOGO
ਹੋਮ ਪੰਜਾਬ: ਬਰਨਾਲਾ ਦੇ ਲਾਪਤਾ ਬੱਚਿਆਂ ਦੀ ਸਹਾਰਨਪੁਰ ਤੋਂ ਹੋਈ ਸੁਰੱਖਿਅਤ ਵਾਪਸੀ;...

ਬਰਨਾਲਾ ਦੇ ਲਾਪਤਾ ਬੱਚਿਆਂ ਦੀ ਸਹਾਰਨਪੁਰ ਤੋਂ ਹੋਈ ਸੁਰੱਖਿਅਤ ਵਾਪਸੀ; ਅਗਵਾ ਦੀ ਖ਼ੌਫ਼ਨਾਕ ਦਾਸਤਾਨ ਆਈ ਸਾਹਮਣੇ

Admin User - Jul 12, 2026 02:57 PM
IMG

ਲੰਘੀ 8 ਜੁਲਾਈ ਤੋਂ ਬਰਨਾਲਾ ਇਲਾਕੇ ਤੋਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਏ ਦੋ ਮਾਸੂਮ ਬੱਚਿਆਂ ਦੇ ਮਾਮਲੇ ਵਿੱਚ ਇੱਕ ਬੇਹੱਦ ਸੁਖਦ ਪਰ ਸਨਸਨੀਖੇਜ਼ ਮੋੜ ਆਇਆ ਹੈ। 13 ਸਾਲਾ ਕ੍ਰਿਸ਼ਨਾ ਅਤੇ 10 ਸਾਲਾ ਅਬੂਜ, ਜੋ ਪਿਛਲੇ ਤਿੰਨ ਦਿਨਾਂ ਤੋਂ ਗਾਇਬ ਸਨ ਅਤੇ ਆਖਰੀ ਵਾਰ ਸਥਾਨਕ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਵਿੱਚ ਸ਼ਾਮ 4:28 ਵਜੇ ਦਿਖਾਈ ਦਿੱਤੇ ਸਨ, ਆਖਰਕਾਰ ਸੁਰੱਖਿਅਤ ਵਾਪਸ ਮਿਲ ਗਏ ਹਨ। ਬੱਚਿਆਂ ਦੇ ਮਿਲਣ ਦੀ ਖ਼ਬਰ ਆਉਂਦਿਆਂ ਹੀ ਪਿਛਲੇ ਕਈ ਦਿਨਾਂ ਤੋਂ ਡੂੰਘੇ ਸਦਮੇ ਅਤੇ ਚਿੰਤਾ ਵਿੱਚ ਡੁੱਬੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ। ਕ੍ਰਿਸ਼ਨਾ ਦੀ ਮਾਤਾ ਕਾਜਲ ਦੇਵ ਅਤੇ ਅਬੂਜ ਦੀ ਨਾਨੀ ਕਰਮਜੀਤ ਕੌਰ ਸਮੇਤ ਸਮੁੱਚੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਭਾਵੁਕ ਹੁੰਦਿਆਂ ਬੱਚਿਆਂ ਨੂੰ ਆਪਣੀ ਬੁੱਕਲ ਵਿੱਚ ਲਿਆ।


ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਕਈ ਖ਼ਾਸ ਟੀਮਾਂ ਇਨ੍ਹਾਂ ਬੱਚਿਆਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ। ਪਰਪੱਕ ਸੂਚਨਾ ਮੁਤਾਬਕ ਦੋਵੇਂ ਬੱਚੇ ਸਹਾਰਨਪੁਰ ਤੋਂ ਆਉਣ ਵਾਲੀ ਰੇਲ ਗੱਡੀ ਰਾਹੀਂ ਬਰਨਾਲਾ ਸਟੇਸ਼ਨ 'ਤੇ ਪਹੁੰਚੇ। ਹਾਲਾਂਕਿ ਵਾਪਸੀ ਸਮੇਂ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਕਾਫ਼ੀ ਨਾਜ਼ੁਕ ਤੇ ਤਰਸਯੋਗ ਬਣੀ ਹੋਈ ਸੀ। ਬੱਚਿਆਂ ਦੇ ਸਟੇਸ਼ਨ 'ਤੇ ਉਤਰਦਿਆਂ ਹੀ ਉੱਥੇ ਮੌਜੂਦ ਪੁਲਿਸ ਪ੍ਰਸ਼ਾਸਨ ਅਤੇ ਮੁਲਾਜ਼ਮਾਂ ਨੇ ਤੁਰੰਤ ਸੁਰੱਖਿਆ ਘੇਰਾ ਤਿਆਰ ਕੀਤਾ ਅਤੇ ਬੱਚਿਆਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾ ਕੇ ਪੁੱਛਗਿੱਛ ਸ਼ੁਰੂ ਕੀਤੀ।


ਘਰ ਵਾਪਸ ਪਰਤੇ 10 ਸਾਲਾ ਮਾਸੂਮ ਅਬੂਜ ਨੇ ਪੁਲਿਸ ਅਤੇ ਮਾਪਿਆਂ ਸਾਹਮਣੇ ਅਗਵਾ ਦੀ ਜੋ ਖ਼ੌਫ਼ਨਾਕ ਕਹਾਣੀ ਬਿਆਨ ਕੀਤੀ, ਉਸ ਨੇ ਸਭ ਦੇ ਰੋਂਗਟੇ ਖੜ੍ਹੇ ਕਰ ਦਿੱਤੇ। ਬੱਚੇ ਨੇ ਦੱਸਿਆ ਕਿ ਉਹ ਆਪਣੇ ਦੋਸਤ ਕ੍ਰਿਸ਼ਨਾ ਨਾਲ ਸਕੂਲ ਦੇ ਡਰਾਇੰਗ ਕਲਰ ਦਾ ਮਾਡਲ ਖਰੀਦਣ ਲਈ ਬਾਜ਼ਾਰ ਜਾ ਰਿਹਾ ਸੀ। ਜਦੋਂ ਉਹ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਤਾਂ ਇੱਕ ਅਣਪਛਾਤੇ ਨਕਾਬਪੋਸ਼ ਵਿਅਕਤੀ ਨੇ ਅਚਾਨਕ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ। ਮੁਲਜ਼ਮ ਦੋਵਾਂ ਬੱਚਿਆਂ ਨੂੰ ਜ਼ਬਰਦਸਤੀ ਬਰਨਾਲਾ ਤੋਂ ਸਹਾਰਨਪੁਰ ਜਾਣ ਵਾਲੀ ਟ੍ਰੇਨ ਦੇ ਸਭ ਤੋਂ ਆਖਰੀ ਡੱਬੇ ਵਿੱਚ ਲੈ ਗਿਆ, ਜਿੱਥੇ ਉਸ ਨੇ ਚੀਕ-ਚਿਹਾੜਾ ਨਾ ਪੈਣ ਦੇਣ ਲਈ ਉਨ੍ਹਾਂ ਦੇ ਮੂੰਹ ਵਿੱਚ ਕੱਪੜੇ ਤੁੰਨ ਦਿੱਤੇ ਅਤੇ ਹੱਥ-ਪੈਰ ਰੱਸੀਆਂ ਨਾਲ ਬੁਰੀ ਤਰ੍ਹਾਂ ਜਕੜ ਦਿੱਤੇ।


ਬੱਚਿਆਂ ਮੁਤਾਬਕ ਅਗਵਾਕਾਰ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਉਹ ਬੱਚਿਆਂ ਦੇ ਮਾਪਿਆਂ ਤੋਂ ਮੋਟੀ ਰਕਮ (ਫ਼ਿਰੌਤੀ) ਵਸੂਲ ਕਰਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਉਹ ਉਨ੍ਹਾਂ ਨੂੰ ਸਹਾਰਨਪੁਰ ਤੋਂ ਵੀ ਅੱਗੇ ਕਿਸੇ ਅਣਜਾਣ ਜਗ੍ਹਾ 'ਤੇ ਲਿਜਾਣ ਦੀ ਫਿਰਾਕ ਵਿੱਚ ਸੀ। ਅਬੂਜ ਨੇ ਦੱਸਿਆ ਕਿ ਜਦੋਂ ਰੇਲ ਗੱਡੀ ਸਹਾਰਨਪੁਰ ਸਟੇਸ਼ਨ ਦੇ ਨੇੜੇ ਰੁਕੀ ਤਾਂ ਉਨ੍ਹਾਂ ਨੇ ਡੱਬੇ ਦੇ ਅੰਦਰ ਹੀ ਪੂਰੀ ਤਾਕਤ ਨਾਲ ਰੋਣਾ ਅਤੇ ਖੜਕਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੀ ਆਵਾਜ਼ ਸੁਣ ਕੇ ਉੱਥੋਂ ਲੰਘ ਰਿਹਾ ਇੱਕ ਸਿੱਖ (ਸਰਦਾਰ) ਵਿਅਕਤੀ ਉਨ੍ਹਾਂ ਲਈ ਮਸੀਹਾ ਬਣ ਕੇ ਬਹੁੜਿਆ। ਉਸ ਨੇ ਡੱਬੇ ਅੰਦਰ ਆ ਕੇ ਬੱਚਿਆਂ ਦੀਆਂ ਰੱਸੀਆਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਅਗਵਾਕਾਰ ਦੇ ਚੁੰਗਲ ਵਿੱਚੋਂ ਛੁਡਵਾਇਆ। ਉਕਤ ਨੇਕਦਿਲ ਵਿਅਕਤੀ ਨੇ ਨਾ ਸਿਰਫ਼ ਬੱਚਿਆਂ ਦੀ ਜਾਨ ਬਚਾਈ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਤੌਰ 'ਤੇ ਵਾਪਸੀ ਵਾਲੀ ਟ੍ਰੇਨ ਵਿੱਚ ਬਿਠਾ ਕੇ ਬਰਨਾਲਾ ਲਈ ਰਵਾਨਾ ਕੀਤਾ। ਬਰਨਾਲਾ ਪੁਲਿਸ ਹੁਣ ਬੱਚਿਆਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਅਣਪਛਾਤੇ ਨਕਾਬਪੋਸ਼ ਅਗਵਾਕਾਰ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.