ਤਾਜਾ ਖਬਰਾਂ
ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਸ਼ਨੀਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਜਿਮ ਟ੍ਰੇਨਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਜਿਮ ਟ੍ਰੇਨਰ ਵਾਲ-ਵਾਲ ਬਚ ਗਿਆ, ਜਦਕਿ ਇੱਕ ਗੋਲੀ ਉਸ ਦੀ ਕਾਰ ਵਿੱਚ ਜਾ ਲੱਗੀ ਅਤੇ ਉੱਥੇ ਹੀ ਫਸ ਗਈ।
ਪੀੜਤ ਜਿਮ ਟ੍ਰੇਨਰ ਨੇ ਦੱਸਿਆ ਕਿ ਉਹ ਜਿਮ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਉਸ ਦੇ ਪਿੱਛੇ ਆ ਗਈ। ਉਸ ਦਾ ਦਾਅਵਾ ਹੈ ਕਿ ਫੋਰਚੂਨਰ ਵਿੱਚ ਸਵਾਰ ਚਾਰ ਵਿਅਕਤੀਆਂ ਨੇ ਪਹਿਲਾਂ ਦੋ ਤੋਂ ਤਿੰਨ ਹਵਾਈ ਫਾਇਰ ਕੀਤੇ ਅਤੇ ਫਿਰ ਉਸ ਦੀ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਖੁਸ਼ਕਿਸਮਤੀ ਨਾਲ ਗੋਲੀ ਉਸ ਨੂੰ ਨਹੀਂ ਲੱਗੀ ਅਤੇ ਵੱਡਾ ਹਾਦਸਾ ਟਲ ਗਿਆ।
ਜਿਮ ਟ੍ਰੇਨਰ ਦੇ ਮੁਤਾਬਕ ਹਮਲਾਵਰਾਂ ਵਿੱਚੋਂ ਕੁਝ ਨੇ ਪੁਲਿਸ ਵਰਗੀ ਵਰਦੀ ਪਾਈ ਹੋਈ ਸੀ, ਜਦਕਿ ਇੱਕ ਵਿਅਕਤੀ ਸਫਾਰੀ ਸੂਟ ਵਿੱਚ ਸੀ। ਗੋਲੀਬਾਰੀ ਦੀਆਂ ਆਵਾਜ਼ਾਂ ਸੁਣਦੇ ਹੀ ਇਲਾਕੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ, ਜਿਸ ਨਾਲ ਹਮਲਾਵਰ ਉੱਥੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਦੁਪਹਿਰ ਕਰੀਬ 2 ਤੋਂ 2:30 ਵਜੇ ਦੇ ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ।
ਥਾਣਾ ਲਾਹੌਰੀ ਗੇਟ ਦੇ ਐਸਐਚਓ ਸੌਰਭ ਸਬਰਵਾਲ ਨੇ ਦੱਸਿਆ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Get all latest content delivered to your email a few times a month.