IMG-LOGO
ਹੋਮ ਪੰਜਾਬ: ਬੈਠਕ ਤੋਂ ਬਾਅਦ ਬੋਲੇ ਕਾਂਗਰਸ ਇੰਚਾਰਜ ਬਘੇਲ: 'ਪੰਜਾਬ 'ਚ ਕੋਈ...

ਬੈਠਕ ਤੋਂ ਬਾਅਦ ਬੋਲੇ ਕਾਂਗਰਸ ਇੰਚਾਰਜ ਬਘੇਲ: 'ਪੰਜਾਬ 'ਚ ਕੋਈ ਨਾਰਾਜ਼ਗੀ ਨਹੀਂ, ਸਿਰਫ਼ ਜੇਤੂ ਸਮਰੱਥਾ 'ਤੇ ਮਿਲਣਗੀਆਂ ਟਿਕਟਾਂ'; ਰੰਧਾਵਾ ਨੇ ਕਿਹਾ— 'ਸਾਨੂੰ ਸਮਝੌਤਾਵਾਦੀ ਨਹੀਂ, ਠੋਕ...

Admin User - Jul 11, 2026 02:57 PM
IMG

ਪੰਜਾਬ ਕਾਂਗਰਸ ਦੇ ਬਾਗੀ ਧੜੇ ਅਤੇ ਸੂਬਾ ਇੰਚਾਰਜ ਭੂਪੇਸ਼ ਬਘੇਲ ਵਿਚਕਾਰ ਰਾਣਾ ਗੁਰਜੀਤ ਸਿੰਘ ਦੇ ਨਿਵਾਸ ਸਥਾਨ 'ਤੇ ਹੋਈ ਹੰਗਾਮੀ ਮੀਟਿੰਗ ਸਮਾਪਤ ਹੋ ਗਈ ਹੈ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਇੰਚਾਰਜ ਭੂਪੇਸ਼ ਬਘੇਲ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇਸ ਸੁਲ੍ਹਾ-ਸਫ਼ਾਈ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਇਕੱਠੇ ਹੋਏ ਸਾਰੇ ਸੀਨੀਅਰ ਨੇਤਾਵਾਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਚਰਚਾ ਹੋਈ ਹੈ, ਜਿੱਥੇ ਸਾਰਿਆਂ ਨੇ ਪਾਰਟੀ ਹਿੱਤ ਵਿੱਚ ਆਪਣੇ-ਆਪਣੇ ਮੁੱਦੇ ਅਤੇ ਸੁਝਾਅ ਉਨ੍ਹਾਂ ਦੇ ਸਾਹਮਣੇ ਰੱਖੇ ਹਨ।


ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭੂਪੇਸ਼ ਬਘੇਲ ਨੇ ਪੁਸ਼ਟੀ ਕੀਤੀ ਕਿ ਪੰਜਾਬ ਕਾਂਗਰਸ ਦਾ ਕੋਈ ਵੀ ਆਗੂ ਨਾਰਾਜ਼ ਨਹੀਂ ਹੈ ਅਤੇ ਸਾਰੇ ਨੇਤਾ ਪਾਰਟੀ ਹਾਈਕਮਾਂਡ ਦੇ ਫੈਸਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਹਾਲਾਂਕਿ, ਜਿਹੜੀਆਂ ਚਿੰਤਾਵਾਂ ਜਾਂ ਸੁਝਾਅ ਨੇਤਾਵਾਂ ਵੱਲੋਂ ਪ੍ਰਗਟ ਕੀਤੇ ਗਏ ਹਨ, ਉਨ੍ਹਾਂ ਨੂੰ ਉਹ ਜਲਦ ਹੀ ਦਿੱਲੀ ਜਾ ਕੇ ਹਾਈਕਮਾਂਡ ਦੇ ਸਾਹਮਣੇ ਪੇਸ਼ ਕਰਨਗੇ। ਟਿਕਟਾਂ ਦੀ ਵੰਡ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਬਘੇਲ ਨੇ ਦੋ ਟੁੱਕ ਕਿਹਾ, "ਕਿਸੇ ਵੀ ਆਗੂ ਨੂੰ ਇਹ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਉਹ ਕਿਸੇ ਸੀਨੀਅਰ ਸ਼ਖਸੀਅਤ ਦੇ ਦਬਾਅ ਹੇਠ ਹੈ। ਆਉਣ ਵਾਲੀਆਂ ਚੋਣਾਂ ਵਿੱਚ ਟਿਕਟਾਂ ਸਿਰਫ਼ ਅਤੇ ਸਿਰਫ਼ ਉਮੀਦਵਾਰ ਦੀ ਚੋਣ ਜਿੱਤਣ ਦੀ ਸਮਰੱਥਾ (Winnebility) ਦੇ ਆਧਾਰ 'ਤੇ ਹੀ ਦਿੱਤੀਆਂ ਜਾਣਗੀਆਂ।" ਇਸ ਦੇ ਨਾਲ ਹੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੀਆਂ ਅਫ਼ਵਾਹਾਂ 'ਤੇ ਵਿਰਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਵਿੱਚ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਹੋਈ।


ਦੂਜੇ ਪਾਸੇ, ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਂਝੇ ਤੌਰ 'ਤੇ ਮੀਡੀਆ ਦੇ ਰੂ-ਬ-ਰੂ ਹੋਏ। ਮੀਟਿੰਗ ਦੀ ਸਫ਼ਲਤਾ ਦਾ ਦਾਅਵਾ ਕਰਦਿਆਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਲਾਸਾ ਕੀਤਾ ਕਿ ਅੱਜ ਦੀ ਇਸ ਅਹਿਮ ਇਕੱਤਰਤਾ ਵਿੱਚ ਮੌਜੂਦਾ ਵਿਧਾਇਕਾਂ, ਸੰਸਦ ਮੈਂਬਰਾਂ, ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਸਮੇਤ ਕਾਂਗਰਸ ਦੇ ਲਗਭਗ 92 ਸੀਨੀਅਰ ਆਗੂਆਂ ਨੇ ਹਿੱਸਾ ਲਿਆ। ਰੰਧਾਵਾ ਨੇ ਕਿਹਾ ਕਿ ਸਾਰੇ ਨੇਤਾਵਾਂ ਨੇ ਇੱਕਸੁਰ ਵਿੱਚ ਪੰਜਾਬ ਅੰਦਰ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਆਗਾਮੀ ਚੋਣਾਂ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਲਈ ਇੱਕਜੁੱਟ ਹੋ ਕੇ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੇ ਤੇਵਰ ਕਾਫ਼ੀ ਤਿੱਖੇ ਨਜ਼ਰ ਆਏ। ਮੌਜੂਦਾ ਸੂਬਾ ਲੀਡਰਸ਼ਿਪ 'ਤੇ ਪਰੋਖ ਰੂਪ ਵਿੱਚ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਅਸਲ ਭਾਵਨਾਵਾਂ ਨੂੰ ਹਾਈਕਮਾਂਡ ਤੱਕ ਪਹੁੰਚਾਇਆ ਹੈ। ਉਨ੍ਹਾਂ ਸੰਕੇਤਾਂ ਵਿੱਚ ਕਿਹਾ ਕਿ ਕਈ ਵਾਰ ਪਾਰਟੀ ਦੇ ਹਿੱਤ ਵਿੱਚ ਵੱਡੇ ਫੈਸਲੇ ਵਾਪਸ ਵੀ ਲੈਣੇ ਪੈਂਦੇ ਹਨ। ਪੰਜਾਬ ਦੇ ਭਵਿੱਖ ਦਾ ਜ਼ਿਕਰ ਕਰਦਿਆਂ ਰੰਧਾਵਾ ਨੇ ਬਿਆਨ ਦਿੱਤਾ, "ਸੂਬੇ ਨੂੰ ਅੱਜ ਇੱਕ ਅਜਿਹੇ ਦਲੇਰ ਆਗੂ ਦੀ ਲੋੜ ਹੈ ਜੋ ਪੰਜਾਬ ਦੇ ਹੱਕਾਂ ਅਤੇ ਮੁੱਦਿਆਂ 'ਤੇ ਕੇਂਦਰ ਜਾਂ ਕਿਸੇ ਵੀ ਮੰਚ 'ਤੇ ਠੋਕ ਕੇ ਗੱਲ ਰੱਖ ਸਕੇ। ਪਾਰਟੀ ਨੂੰ ਅਜਿਹੀ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੈ ਜੋ ਪੰਜਾਬ ਦੇ ਹਿੱਤਾਂ ਲਈ ਖੁੱਲ੍ਹ ਕੇ ਬੋਲੇ, ਨਾ ਕਿ ਅਜਿਹੀ ਲੀਡਰਸ਼ਿਪ ਜੋ ਹਰ ਮੁੱਦੇ 'ਤੇ ਸਮਝੌਤਾ (Compromised) ਕਰਨ ਲਈ ਤਿਆਰ ਬੈਠੀ ਹੋਵੇ।" ਰੰਧਾਵਾ ਦੇ ਇਸ ਬਿਆਨ ਨੇ ਮੀਟਿੰਗ ਤੋਂ ਬਾਅਦ ਵੀ ਪੰਜਾਬ ਕਾਂਗਰਸ ਅੰਦਰਲੀ ਸਿਆਸੀ ਖਿੱਚੋਤਾਣ ਦੇ ਜਿਉਂ ਦੀ ਤਿਉਂ ਬਣੇ ਹੋਣ ਦੇ ਸੰਕੇਤ ਦੇ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.