ਤਾਜਾ ਖਬਰਾਂ
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਅਧੀਨ ਆਉਂਦੇ ਪਿੰਡ ਘੋਘਰਾ ਦਾ ਇੱਕ 18 ਸਾਲਾ ਨੌਜਵਾਨ ਕਰਨਦੀਪ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਪੁੱਤਰ ਦੀ ਭਾਲ ਵਿੱਚ ਨਾਕਾਮ ਰਿਹਾ ਬੇਵੱਸ ਪਰਿਵਾਰ ਪਿਛਲੇ 60 ਦਿਨਾਂ ਤੋਂ ਇਨਸਾਫ਼ ਅਤੇ ਮਦਦ ਲਈ ਸਥਾਨਕ ਦਸੂਹਾ ਪੁਲਿਸ ਸਟੇਸ਼ਨ ਦੇ ਚੱਕਰ ਕੱਟਣ ਲਈ ਮਜਬੂਰ ਹੈ। ਲਾਪਤਾ ਨੌਜਵਾਨ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ 'ਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਸੰਗੀਨ ਦੋਸ਼ ਲਗਾਏ ਹਨ।
ਪੱਤਰਕਾਰਾਂ ਨਾਲ ਆਪਣਾ ਦਰਦ ਸਾਂਝਾ ਕਰਦਿਆਂ ਕਰਨਦੀਪ ਦੇ ਪਿਤਾ ਗੁਰਦੀਪ ਸਿੰਘ, ਜੋ ਪੇਸ਼ੇ ਤੋਂ ਇੱਕ ਡਰਾਈਵਰ ਹਨ, ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਦਾ ਪੁੱਤਰ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਕਿਸੇ ਕੰਮ ਲਈ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ ਅਤੇ ਮਹਿਜ਼ 10 ਮਿੰਟਾਂ ਵਿੱਚ ਵਾਪਸ ਆ ਜਾਵੇਗਾ। ਪਰ ਉਸ ਦਿਨ ਤੋਂ ਬਾਅਦ ਉਹ ਨਾ ਤਾਂ ਘਰ ਪਰਤਿਆ ਅਤੇ ਨਾ ਹੀ ਉਸ ਦਾ ਕੋਈ ਪਤਾ ਲੱਗ ਸਕਿਆ। ਉਸੇ ਸ਼ਾਮ ਹਰ ਸੰਭਵ ਜਗ੍ਹਾ ਅਤੇ ਰਿਸ਼ਤੇਦਾਰੀਆਂ ਵਿੱਚ ਭਾਲ ਕਰਨ ਤੋਂ ਬਾਅਦ ਥੱਕ-ਹਾਰ ਕੇ ਪਰਿਵਾਰ ਨੇ ਦਸੂਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਮਾਮਲੇ ਦੀ ਮੁਢਲੀ ਜਾਂਚ ਦੌਰਾਨ ਜਦੋਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਤਾਂ ਇੱਕ ਅਹਿਮ ਸੁਰਾਗ ਹੱਥ ਲੱਗਿਆ। ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਰਨਦੀਪ ਆਪਣੇ ਕੁਝ ਦੋਸਤਾਂ ਨਾਲ ਨਹਿਰ ਵਾਲੇ ਪਾਸੇ ਗਿਆ ਸੀ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਉਸ ਦੇ ਦੋਸਤ ਉੱਥੋਂ ਵਾਪਸ ਮੁੜੇ, ਤਾਂ ਕਰਨਦੀਪ ਉਨ੍ਹਾਂ ਦੇ ਨਾਲ ਨਹੀਂ ਸੀ। ਇਸ ਖੁਲਾਸੇ ਤੋਂ ਬਾਅਦ ਦਸੂਹਾ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋ ਦਿਨਾਂ ਤੱਕ ਨਹਿਰ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ, ਪਰ ਪਾਣੀ ਵਿੱਚੋਂ ਕੋਈ ਵੀ ਸੁਰਾਗ ਜਾਂ ਲਾਸ਼ ਬਰਾਮਦ ਨਹੀਂ ਹੋਈ।
ਲਾਪਤਾ ਨੌਜਵਾਨ ਦੇ ਪਿਤਾ ਗੁਰਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਹੁਣ ਇਸ ਕੇਸ ਵਿੱਚ ਢਿੱਲ-ਮੱਠ ਵਰਤ ਰਹੀ ਹੈ ਅਤੇ ਉਨ੍ਹਾਂ ਨੂੰ ਬਣਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਪਰਿਵਾਰ ਦਾ ਪੂਰਾ ਦਾਅਵਾ ਹੈ ਕਿ ਕਰਨਦੀਪ ਦੇ ਦੋਸਤਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਉਸ ਸ਼ਾਮ ਕੀ ਭਾਣਾ ਵਰਤਿਆ ਸੀ, ਪਰ ਪੁਲਿਸ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਪਿਤਾ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਕੋਈ ਅਣਹੋਣੀ ਜਾਂ ਵੱਡਾ ਹਾਦਸਾ ਵਾਪਰਿਆ ਹੈ। ਪੀੜਤ ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਉਨ੍ਹਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।
Get all latest content delivered to your email a few times a month.