IMG-LOGO
ਹੋਮ ਪੰਜਾਬ: ਪੰਚਾਇਤੀ ਖੜਕਾ: ਭਕਨਾ ਕਲਾਂ ਦੀ ਦਾਣਾ ਮੰਡੀ 'ਚ ਸਰਪੰਚੀ ਦੀ...

ਪੰਚਾਇਤੀ ਖੜਕਾ: ਭਕਨਾ ਕਲਾਂ ਦੀ ਦਾਣਾ ਮੰਡੀ 'ਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲੀਆਂ; 1 ਹਲਾਕ, 9 ਮੁਲਜ਼ਮ ਪੁਲਿਸ ਗ੍ਰਿਫ਼ਤਾਰੀ ਅਧੀਨ

Admin User - Jul 11, 2026 10:39 AM
IMG

ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਥਾਣਾ ਘਰਿੰਡਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਉਸ ਵੇਲੇ ਗੋਲੀਆਂ ਦੀ ਗੜਗੜਾਹਟ ਨਾਲ ਕੰਬ ਉੱਠੀ, ਜਦੋਂ ਸਰਪੰਚੀ ਦੀ ਪੁਰਾਣੀ ਸਿਆਸੀ ਰੰਜਿਸ਼ ਨੂੰ ਲੈ ਕੇ ਦੋ ਧੜੇ ਆਪਸ ਵਿੱਚ ਭਿੜ ਗਏ। ਦੋਵਾਂ ਪਾਸਿਆਂ ਤੋਂ ਹੋਈ ਅੰਨ੍ਹੇਵਾਹ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੁਣ ਤੱਕ 9 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।


ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ. ਅਟਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭਕਨਾ ਕਲਾਂ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਉਰਫ਼ ਬੱਲੂ ਦੇ ਧੜਿਆਂ ਵਿਚਕਾਰ ਸਰਪੰਚ ਦੇ ਅਹੁਦੇ ਅਤੇ ਚੌਧਰ ਨੂੰ ਲੈ ਕੇ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਬੀਤੇ ਦਿਨ ਦੋਵੇਂ ਧਿਰਾਂ ਕਿਸੇ ਗੱਲ ਦਾ ਨਿਬੇੜਾ ਕਰਨ ਲਈ ਦਾਣਾ ਮੰਡੀ ਵਿਖੇ ਇਕੱਠੀਆਂ ਹੋਈਆਂ ਸਨ। ਪਰ ਉੱਥੇ ਗੱਲਬਾਤ ਸੁਲਝਣ ਦੀ ਬਜਾਏ ਹੋਰ ਵਿਗੜ ਗਈ ਅਤੇ ਮਾਮੂਲੀ ਤਕਰਾਰ ਤੋਂ ਬਾਅਦ ਦੋਵਾਂ ਧੜਿਆਂ ਨੇ ਇੱਕ-ਦੂਜੇ 'ਤੇ ਹਥਿਆਰ ਤਾਣ ਲਏ ਅਤੇ ਕਈ ਰਾਊਂਡ ਫਾਇਰ ਕੀਤੇ।


ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਪ੍ਰਗਟ ਸਿੰਘ ਦੇ ਧੜੇ ਵੱਲੋਂ ਆਏ ਕੋਟਲੀ ਸੱਕਾ (ਥਾਣਾ ਰਾਜਾਸਾਂਸੀ) ਦੇ ਵਸਨੀਕ ਗੁਰਸ਼ਰਨ ਸਿੰਘ ਉਰਫ਼ ਚੀਨੀ ਦੀ ਇਸ ਗੋਲੀਬਾਰੀ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਸੁਖਮਨ ਨਾਂ ਦਾ ਇੱਕ ਹੋਰ ਨੌਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀ.ਐਸ.ਪੀ. ਨੇ ਖੁਲਾਸਾ ਕੀਤਾ ਕਿ ਮ੍ਰਿਤਕ ਗੁਰਸ਼ਰਨ ਚੀਨੀ ਦਾ ਪੁਰਾਣਾ ਅਪਰਾਧਿਕ ਪਿਛੋਕੜ ਰਿਹਾ ਹੈ। ਉਹ ਇੱਕ ਸ਼ਾਤਰ ਗੈਂਗਸਟਰ ਸੀ, ਜਿਸ ਦੇ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ (Arms Act) ਵਰਗੇ ਕਈ ਸੰਗੀਨ ਮੁਕੱਦਮੇ ਪਹਿਲਾਂ ਹੀ ਦਰਜ ਸਨ।


ਖੂਨੀ ਝੜਪ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਫੋਰਸ ਨੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਮੁਸਤੈਦੀ ਵਰਤਦਿਆਂ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਤੁਰੰਤ 8 ਸ਼ੱਕੀ ਮੁਲਜ਼ਮਾਂ ਨੂੰ ਦਬੋਚ ਲਿਆ। ਇਸ ਦੇ ਨਾਲ ਹੀ ਹਸਪਤਾਲ ਵਿੱਚ ਜ਼ੇਰੇ-ਇਲਾਜ ਜ਼ਖਮੀ ਸੁਖਮਨ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 9 ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਾਰਦਾਤ ਵਿੱਚ ਸ਼ਾਮਲ ਹੋਰ ਫ਼ਰਾਰ ਨਾਮਜ਼ਦ ਵਿਅਕਤੀਆਂ ਦੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਹੀ ਸਾਰੇ ਮੁਲਜ਼ਮ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.