ਤਾਜਾ ਖਬਰਾਂ
ਬਾਘਾਪੁਰਾਣਾ/ਮੋਗਾ: ਥਾਣਾ ਸਮਾਲਸਰ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਰੋਡੇ ਵਿਖੇ ਪਰਿਵਾਰਕ ਰਿਸ਼ਤਿਆਂ ਨੂੰ ਲਹੂ-ਲੁਹਾਨ ਕਰਨ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਘਰੇਲੂ ਕਲੇਸ਼ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ, ਜਦੋਂ ਨਸ਼ੇੜੀ ਪੁੱਤਰ ਨੇ ਬਹਿਸਬਾਜ਼ੀ ਤੋਂ ਬਾਅਦ ਆਪਣੇ ਹੀ ਪਿਤਾ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖ਼ੌਫ਼ਨਾਕ ਕਾਰਵਾਈ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਅਤੇ ਪੁਲਿਸ ਦੀ ਮੁਢਲੀ ਪੜਤਾਲ ਮੁਤਾਬਕ ਮ੍ਰਿਤਕ ਮੇਹਰਜੀਤ ਸਿੰਘ ਆਪਣੇ ਨੌਜਵਾਨ ਪੁੱਤਰ ਲਵਪ੍ਰੀਤ ਸਿੰਘ ਦੀ ਸ਼ਰਾਬ ਪੀਣ ਦੀ ਭੈੜੀ ਆਦਤ ਤੋਂ ਬੇਹੱਦ ਪ੍ਰੇਸ਼ਾਨ ਸੀ। ਬੀਤੀ ਰਾਤ ਵੀ ਮੇਹਰਜੀਤ ਸਿੰਘ ਨੇ ਆਪਣੇ ਪੁੱਤਰ ਲਵਪ੍ਰੀਤ ਨੂੰ ਨਸ਼ਾ ਕਰਨ ਤੋਂ ਵਰਜਿਆ ਅਤੇ ਸੁਧਰਨ ਦੀ ਨਸੀਹਤ ਦਿੱਤੀ। ਇਸੇ ਗੱਲ ਤੋਂ ਖ਼ਫ਼ਾ ਹੋ ਕੇ ਲਵਪ੍ਰੀਤ ਆਪਣੇ ਪਿਤਾ ਨਾਲ ਉਲਝ ਪਿਆ। ਤਕਰਾਰ ਇੰਨੀ ਵਧ ਗਈ ਕਿ ਦੋਵਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਲੜਾਈ ਦੌਰਾਨ ਲਵਪ੍ਰੀਤ ਨੇ ਆਪਣੇ ਪਿਤਾ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਲੱਗੀਆਂ ਗੰਭੀਰ ਸੱਟਾਂ ਕਾਰਨ ਮੇਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. ਬਾਘਾਪੁਰਾਣਾ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ 'ਤੇ ਪਿੰਡ ਰੋਡੇ ਵਿਖੇ ਪਿਓ-ਪੁੱਤ ਦੇ ਖੂਨੀ ਝਗੜੇ ਦੀ ਇਤਲਾਹ ਮਿਲੀ ਸੀ। ਪੁਲਿਸ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਘਟਨਾ ਸਥਾਨ ਤੋਂ ਸਾਖਸ਼ ਇਕੱਠੇ ਕੀਤੇ ਹਨ। ਮ੍ਰਿਤਕ ਮੇਹਰਜੀਤ ਸਿੰਘ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ (ਮੋਰਚਰੀ) ਵਿਖੇ ਪਹੁੰਚਾ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਤੋਂ ਬਾਅਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਗੁਆਂਢੀਆਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.