ਤਾਜਾ ਖਬਰਾਂ
ਲੁਧਿਆਣਾ ਦੇ ਕਾਕੋਵਾਲ ਰੋਡ ਸਥਿਤ ਸਰਕਾਰੀ ਸੇਵਾ ਕੇਂਦਰ ਵਿੱਚ ਆਮ ਜਨਤਾ ਦੀ ਹੁੰਦੀ ਲੁੱਟ ਅਤੇ ਖ਼ੁਆਰੀ ਨੂੰ ਦੇਖਦਿਆਂ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਲੰਬੇ ਸਮੇਂ ਤੋਂ ਮਿਲ ਰਹੀਆਂ ਰਿਸ਼ਵਤਖ਼ੋਰੀ ਅਤੇ ਬਦਸਲੂਕੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਗਰੇਵਾਲ ਨੇ ਖ਼ੁਦ ਕਮਾਂਡ ਸੰਭਾਲਦਿਆਂ ਸੇਵਾ ਕੇਂਦਰ 'ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਦਫ਼ਤਰੀ ਸਟਾਫ਼ ਅਤੇ ਬਾਹਰ ਬੈਠੇ ਨਜਾਇਜ਼ ਦਲਾਲਾਂ ਵਿਚਾਲੇ ਚੱਲ ਰਹੇ ਮਿਲੀਭੁਗਤ ਦੇ ਵੱਡੇ ਖੇਡ ਨੂੰ ਰੰਗੇ ਹੱਥੀਂ ਫੜਿਆ ਗਿਆ।
ਔਚਕ ਨਿਰੀਖਣ ਦੌਰਾਨ ਇੱਕ ਬੱਚੇ ਦੇ ਜਨਮ ਸਰਟੀਫਿਕੇਟ ਦੇ ਮਾਮਲੇ ਵਿੱਚ ਸੇਵਾ ਕੇਂਦਰ ਦੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ। ਸਟਾਫ਼ ਵੱਲੋਂ ਬਿਨੈਕਾਰ ਨੂੰ ਇਹ ਕਹਿ ਕੇ ਮੋੜਿਆ ਜਾ ਰਿਹਾ ਸੀ ਕਿ ਇਹ ਕੰਮ ਆਨਲਾਈਨ ਸੰਭਵ ਨਹੀਂ ਹੈ। ਜਦੋਂ ਵਿਧਾਇਕ ਨੇ ਇਸ ਸਬੰਧੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਾਜ਼ਮ ਬਗਲਾਂ ਝਾਕਣ ਲੱਗੇ ਅਤੇ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ। ਇਸ 'ਤੇ ਭੜਕੇ ਵਿਧਾਇਕ ਭੋਲਾ ਗਰੇਵਾਲ ਨੇ ਸਬੰਧਿਤ ਮੁਲਾਜ਼ਮ ਨੂੰ ਤਲਬ ਕਰਦਿਆਂ ਕਿਹਾ, "ਤੂੰ ਮੈਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰ, ਇੱਥੇ ਆ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਾਹਮਣੇ ਗੱਲ ਕਰ।" ਉਨ੍ਹਾਂ ਸਟਾਫ਼ ਨੂੰ ਤਾੜਨਾ ਕੀਤੀ ਕਿ ਜਨਤਾ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
ਛਾਪੇਮਾਰੀ ਦੌਰਾਨ ਕੇਂਦਰ ਵਿੱਚ ਮੌਜੂਦ ਲੋਕਾਂ ਨੇ ਰੋਂਦੇ ਹੋਏ ਵਿਧਾਇਕ ਨੂੰ ਆਪਣੀ ਹੱਡਬੀਤੀ ਸੁਣਾਈ। ਉੱਥੇ ਮੌਜੂਦ ਇੱਕ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੱਕਰ ਕੱਟ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਮਹਿਜ਼ 60 ਟੋਕਨ ਕੱਟਣ ਤੋਂ ਬਾਅਦ ਸਟਾਫ਼ ਨੇ ਮਿਨਤਾਂ ਕਰਨ ਦੇ ਬਾਵਜੂਦ ਉਸ ਨੂੰ ਟੋਕਨ ਦੇਣ ਤੋਂ ਸਾਫ਼ ਨਕਾਰ ਦਿੱਤਾ। ਵਿਧਾਇਕ ਨੇ ਮੌਕੇ 'ਤੇ ਦੇਖਿਆ ਕਿ ਲੋਕਾਂ ਨੂੰ ਤੰਗ ਕਰਕੇ ਜਾਣਬੁੱਝ ਕੇ ਬਾਹਰਲੀਆਂ ਪ੍ਰਾਈਵੇਟ ਦੁਕਾਨਾਂ ਅਤੇ ਦਲਾਲਾਂ ਕੋਲ ਭੇਜਿਆ ਜਾਂਦਾ ਸੀ, ਜਿੱਥੇ ਮੋਟੀਆਂ ਰਕਮਾਂ ਵਸੂਲ ਕੇ ਕੰਮ ਕੀਤੇ ਜਾ ਰਹੇ ਸਨ।
ਸੇਵਾ ਕੇਂਦਰ ਦੀ ਕੰਧ 'ਤੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ 'ਸਰਕਾਰ ਤੁਹਾਡੇ ਦੁਆਰ' ਵੱਲ ਇਸ਼ਾਰਾ ਕਰਦਿਆਂ ਵਿਧਾਇਕ ਗਰੇਵਾਲ ਨੇ ਦਫ਼ਤਰੀ ਸਟਾਫ਼ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਲੋਕਾਂ ਦੇ ਘਰਾਂ ਤੱਕ ਪ੍ਰਸ਼ਾਸਨਿਕ ਸਹੂਲਤਾਂ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਰਹੀ ਹੈ, ਉੱਥੇ ਹੀ ਅਜਿਹੇ ਭ੍ਰਿਸ਼ਟ ਮੁਲਾਜ਼ਮ ਸਰਕਾਰ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਗੈਰ-ਕਾਨੂੰਨੀ ਧੰਦੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
Get all latest content delivered to your email a few times a month.