IMG-LOGO
ਹੋਮ ਪੰਜਾਬ: ਸੁਖਬੀਰ ਸਿੰਘ ਸੰਧੂ ਦੀ “ਪਾਇਲ”ਸ਼ਾਇਰੀ ਦੀ ਛਮ ਛਮ

ਸੁਖਬੀਰ ਸਿੰਘ ਸੰਧੂ ਦੀ “ਪਾਇਲ”ਸ਼ਾਇਰੀ ਦੀ ਛਮ ਛਮ

Admin User - Jul 10, 2026 10:14 AM
IMG

ਤਰਵੰਜਾ ਸਾਲ ਪਹਿਲਾਂ 1973 ਵਿੱਚ ਸੁਖਬੀਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਦੀ “ਪਾਇਲ” ਛਣਕੀ ਸੀ। ਇਸ ਪਾਇਲ ਦਾ ਇੱਕ ਬੋਰ “ ਉਸ ਬੇਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ” 

ਜਨਾਬ ਨੁਸਰਤ ਫ਼ਤਿਹ ਅਲੀ ਖ਼ਾਂ ਦੀ ਆਵਾਜ਼ ‘ਚ ਦਿਲਾਂ ਦੇ ਵਿਹੜਿਆਂ ‘ਚ ਖ਼ੂਬ ਛਣਕਿਆ। ਗ਼ਜ਼ਲ ਦੀ ਧੁੰਮ ਪਰ ਸ਼ਾਇਰ ਗੁੰਮ। 

ਐਸਾ ਗੁੰਮ ਕਿ ਕਿਤਾਬ ਵੀ ਦੁਬਾਰਾ ਨਾ ਛਪੀ। ਭਾਜੀ ਗੁਰਭਜਨ ਸਿੰਘ ਗਿੱਲ ਨੇ ਇੱਕ ਜ਼ਿੰਮੇਵਾਰ ਸਾਹਿਤਕਾਰ ਦੀ ਭੂਮਿਕਾ ਨਿਭਾਉਂਦਿਆਂ ਇਸ ਕਿਤਾਬ ਨੂੰ ਮੁੜ ਛਾਪਣ ਦਾ ਸ਼ੁਭ ਕਾਰਜ ਕੀਤਾ ਹੈ। 

ਸੁਖਬੀਰ ਸਿੰਘ ਸੰਧੂ ਇੰਗਲੈਂਡ ਵੀ ਰਹੇ। ਇੰਗਲੈਂਡ ਰਹਿੰਦਿਆਂ ਪੰਜਾਬ ਨੂੰ ਵੀ ਨਾਲ ਨਾਲ ਰੱਖਿਆ।

ਗ਼ਜ਼ਲ ਨਾਲ ਦਿਲ ਦੀ ਗੱਲ ਕੀਤੀ, ਦਿਲ ਦੇ ਦੁੱਖ ਰੋਏ, ਸ਼ਿਅਰਾਂ ‘ਚ ਜਜ਼ਬਾਤ ਪਰੋਏ। ਆਸ਼ਿਕਾਨਾ, ਰਿੰਦਾਨਾ ਤੇ ਸੂਫ਼ੀਆਨਾ ਰੰਗ ‘ਚ ਦਿਲ ਟੁੰਬਵੀਆਂ ਗ਼ਜ਼ਲਾਂ ਕਹੀਆਂ।


 ਅਜੇ ਦੁੱਖ ਸੁੱਖ ਦੀ ਸਾਰ ਹੈ ਇਸਨੂੰ

ਅਜੇ ਪੂਰਾ ਨਾ ਦਿਲ ਦੀਵਾਨਾ ਹੈ।


ਇਹ ਤੜਪ ਹੀ ਗ਼ਜ਼ਲ ਲਿਖਵਾਉਂਦੀ ਹੈ। ਰਾਹੇ ਪਾਉਂਦੀ ਹੈ। ਸੁਖਬੀਰ ਸਿੰਘ ਸੰਧੂ ਰਾਹੇ ਪਿਆ ਰਿਹਾ ।


ਇੱਕ ਦਿਨ ਟਿਕਾਣੇ ਪਹੁੰਚ ਗਏ ਜਿਹੜੇ ਤੁਰੇ ਰਹੇ। 

ਉਹ ਵੇਖਦੇ ਹੀ ਰਹਿ ਗਏ ਜੋ ਵੇਖਦੇ ਰਹੇ।


ਗ਼ਜ਼ਲ ਦੇ ਰਾਹ ਤੁਰਦਿਆਂ ਸ਼ਿਅਰਾਂ ਦੇ ਬੋਰਾਂ ‘ਚ ਆਪਣੇ ਜਜ਼ਬਾਤ ਧਰ ਦਿੱਤੇ। ਜ਼ਿੰਦਗੀ ਦੇ ਰੰਗ ਭਰ ਦਿੱਤੇ।

ਸੁਖਬੀਰ ਸਿੰਘ ਸੰਧੂ ਦੇ ਸ਼ਿਅਰਾਂ ‘ਚ ਉਰਦੂ ਦੇ ਸ਼ਿਅਰਾਂ ਵਰਗੀ ਰਵਾਨੀ ਤੇ ਰਮਜ਼ ਹੈ।


ਗੱਲ ਇਤਫ਼ਾਕ ਦੀ ਹੈ ਦੋਸ਼ ਨ ਉਸਦਾ ਨ ਮੇਰਾ ਹੈ

ਨ ਝਾਂਜਰ ਛਣਕਦੀ ਉਸਦੀ ਨ ਨੀਯਤ ਬਦਲਦੀ ਮੇਰੀ।


ਜੇ ਪੱਥਰ ਤੋੜੀਏ ਤਾਂ ਵੀ ਨਿਕਲ ਆਉਂਦੇ ਨੇ ਚੰਗਿਆੜੇ

ਰਤਾ ਕੁਝ ਸੋਚ ਕੇ ਤੋੜੀਂ ਕਿ ਇਹ ਤਾਂ ਫੇਰ ਵੀ ਦਿਲ ਹੈ।


ਸੁਰਾਹੀ ਧੌਣ, ਮੈਅ ਜੋਬਨ ਤੇ ਇਕ ਇਕ ਨੈਣ ਪੈਮਾਨਾ

ਉਹ ਪੀਣੋਂ ਵਰਜਦੇ ਨੇ ਕਿਉਂ ਬਣਾ ਕੇ ਆਪ ਮੈਖ਼ਾਨਾ।


ਅਜੇਹੇ ਅਨੇਕਾਂ ਸ਼ਿਅਰ ਨੇ ਜਿਨ੍ਹਾਂ ‘ਚ ਗ਼ਜ਼ਲਪਨ ਬਹੁਤ ਹੈ। ਇਕ ਸ਼ੋਖ਼ੀ, ਤਨਜ਼, ਤੇਵਰ ਤੇ ਪੁਖ਼ਤਗੀ ਪਾਕੀਜ਼ਗੀ ਵੀ ਹੈ।

ਇੱਕ ਵਹਾਅ ਵਿੱਚ ਸ਼ਾਇਰ ਕਈ ਥਾਂ ਬਹਿਰ ਤੋਂ ਲਾਪਰਵਾਹ ਭਾਵੇਂ ਹੋ ਗਿਆ ਪਰ ਸ਼ਿਅਰਾਂ ‘ਚ ਦਿਲ, ਜੋਸ਼ ਹਾਜ਼ਰ ਰੱਖਿਆ। ਜਿਸ ਕਰਕੇ ਅਸਰ ਕਾਇਮ ਰਿਹਾ।


ਦੱਸਦਾ ਹੈ ਹਰ ਨਜ਼ਾਰਾ ਕਰਵਟ ਬਦਲ ਬਦਲ ਕੇ। 

ਕੋਈ ਇਨਕਲਾਬ ਆਉਣਾ ਹੈ ਅੱਜ ਨਹੀਂ ਤਾਂ ਭਲਕੇ।


ਕਿਸ਼ਤੀ ਵੀ ਹੁਣ ਤਾਂ ਜਾਪੇ ਡੋਬਣ ਲਈ ਬਣੀ ਹੈ,

ਲਾਉਂਦਾ ਸੀ ਪਾਰ ਇਕ ਦਿਨ ਸਾਨੂੰ ਭੰਵਰ ਵੀ ਦੇਖੋ।


ਬਦਲਣਗੇ ਰੁਖ਼ ਤੂਫ਼ਾਨ ਦਾ ਇਕ ਦਿਨ ਤਾਂ ਉਹ ਕਦੀ,

ਕੀਤਾ ਜਿਨ੍ਹਾਂ ਨੂੰ ਏਸ ਨੇ ਤਬਾਹ ਬਾਰ ਬਾਰ। 


  ਸੰਧੂ ਦੀਆਂ ਕੁਝ ਹੋਰ ਗ਼ਜ਼ਲਾਂ ਵੀ ਨੇ ਜੋ  ਜੇਕਰ ਗਾਈਆਂ ਜਾਣ ਤਾਂ ਪਹਿਲੀ ਗਾਈ ਗ਼ਜ਼ਲ ਵਾਂਗ ਪ੍ਰਵਾਨ ਹੋ ਸਕਦੀਆਂ ਨੇ। ਜਿਵੇਂ


ਰਾਤਾਂ ਨੂੰ ਦਿਨ ਬਣਾਉਂਦੀਆਂ ਯਾਦਾਂ ਕਿਸੇ ਦੀਆਂ। 

ਸੂਰਜ ਨਵੇਂ ਚੜ੍ਹਾਉਂਦੀਆਂ ਯਾਦਾਂ ਕਿਸੇ ਦੀਆਂ।


ਨੈਣ ਅਸਾਡੇ ਰਿਮ ਝਿਮ ਰਿਮ ਝਿਮ। 

ਮੂੰਹੋਂ ਨਿਕਲੇ ਮਹਿਰਮ ਮਹਿਰਮ।

ਸਾਡੇ ਲਈ ਤਾਂ ਸਭ ਕੁਝ ਉਹ ਨੇ

ਪਰ ਉਹ ਆਖਣ ਯਿਹ ਹਮ ਵੁਹ ਹਮ।

ਸ਼ਿਅਰਾਂ ਦੀ ਇਕ ਖ਼ੂਬੀ ਇਹ ਵੀ ਮੰਨੀ ਜਾਂਦੀ ਹੈ ਕਿ ਝਟਪਟ ਜ਼ੁਬਾਨ ਤੇ ਚੜ੍ਹ ਜਾਣ। ਸੁਖਬੀਰ ਸੰਧੂ ਦੇ ਕਈ ਸ਼ਿਅਰਾਂ ‘ਚ ਇਹ ਖ਼ੂਬੀ ਹੈ।


ਦੇਂਦੀ ਹੈ ਦੁਨੀਆ ਹੌਸਲਾ ਦਿਲ ਦੇ ਬੀਮਾਰ ਨੂੰ,

ਉਸਦੇ ਬਗੈਰ ਦਿਲ ਭਲਾ ਕਿਸ ਹੌਸਲੇ ਰਹੇ।


ਓਸੇ ਸਮੇਂ ਹੀ ਆਣ ਕੇ ਤੂਫ਼ਾਨ ਜਾਗ ਪਏ,

ਚਾਹਿਆ ਜਦੋਂ ਵੀ ਹੈ ਅਸਾਂ ਕੋਈ ਦੀਪ ਬਾਲਣਾ।


ਮਿਲੇ ਨਾ ਮਿਲੇ ਹੁਣ ਮੁਹੱਬਤ ਦੀ ਮਰਜ਼ੀ,

ਅਸਾਂ ਕੀਮਤਾਂ ਪੂਰੀਆਂ ਤਾਰੀਆਂ ਨੇ।


ਤੇਰੀ ਯਾਦ ਆਈ ਤੇ ਗੁੱਸੇ ‘ਚ ਬੋਲੀ,

“ਤੂੰ ਸਾਨੂੰ ਆਵਾਜ਼ਾਂ ਕਿਉਂ ਮਾਰੀਆਂ ਨੇ?

  ਸ਼ਾਇਰ ਨੇ ਗ਼ਜ਼ਲਾਂ ਦੀ ਪਾਇਲ ‘ਚ ਧੜਕਣਾਂ ਦੇ ਬੋਰ ਪਰੋਣ ਦਾ ਯਤਨ ਕੀਤਾ ਹੈ। ਗ਼ਜ਼ਲ ਵਰਗਾ ਹੋਣ ਦਾ ਯਤਨ ਕੀਤਾ ਹੈ। ਇਸੇ ਲਈ ਉਹ ਲਿਖਦਾ ਹੈਃ


ਇੰਝ ਲਗਦੈ ਕਿ ਸਿਮਟ ਕੇ ਦੁਨੀਆਂ,

ਉਸਦਾ ਖ਼ਿਆਲ ਹੋ ਗਈ।


ਉਸਦਾ ਖ਼ਿਆਲ ਹੀ ਸਭ ਕੁਝ ਮਿਲਾਉਂਦਾ ਹੈ। ਰੋਮ ਰੋਮ ‘ਚੋਂ ਨਜ਼ਾਰਾ ਨਜ਼ਰ ਆਉਂਦਾ ਹੈ।


ਮੇਰੇ ਸੀਨੇ ਹਜ਼ਾਰ ਦਿਲ ਧੜਕੇ,

ਨਜ਼ਰ ਉਸਨੇ ਕਦੇ ਮਿਲਾਈ ਜਦ।


ਮੈਨੂੰ ਪੂਰਨ ਆਸ ਹੈ ਕਿ “ਪਾਇਲ” ਦੀਆਂ ਗ਼ਜ਼ਲਾਂ ਪੜ੍ਹ ਕੇ ਵੀ ਪਾਠਕਾਂ ਦੇ ਸੀਨਿਆਂ ‘ਚ ਹਜ਼ਾਰਾਂ ਦਿਲ ਧੜਕਣਗੇ।


       ਹਰਜਿੰਦਰ ਕੰਗ

       ਫਰਿਜ਼ਨੋ(ਅਮਰੀਕਾ)

    ਸੰਪਰਕਃ 559 917 4890

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.