ਤਾਜਾ ਖਬਰਾਂ
ਫ਼ਾਜ਼ਿਲਕਾ ਪੁਲਿਸ ਦੇ ਨਸ਼ਾ ਵਿਰੋਧੀ ਅਭਿਆਨ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਮਹਿਕਮੇ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਲਾਲਾਬਾਦ ਦੇ ਅਧੀਨ ਆਉਂਦੀ ਪੁਲਿਸ ਚੌਕੀ ਘੁਬਾਇਆ ਦਾ ਮੁਨਸ਼ੀ ਜੋਗਿੰਦਰ ਸਿੰਘ ਹੈਰੋਇਨ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦਿਆਂ ਮੁਨਸ਼ੀ ਅਤੇ ਚੌਕੀ ਇੰਚਾਰਜ ਗੁਰਨਾਮ ਸਿੰਘ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦਕਿ ਇੰਚਾਰਜ ਨੂੰ ਮਾਮਲੇ ਵਿੱਚ ਨਾਮਜ਼ਦ ਵੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿੱਚੋਂ 280 ਗ੍ਰਾਮ ਹੈਰੋਇਨ ਅਤੇ ਇੱਕ ਲਾਇਸੈਂਸੀ ਰਿਵਾਲਵਰ ਬਰਾਮਦ ਹੋਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਰ ਵਿੱਚ ਹੋਰ ਵਿਅਕਤੀਆਂ ਦੇ ਨਾਲ ਪੁਲਿਸ ਚੌਕੀ ਘੁਬਾਇਆ ਦਾ ਮੁਨਸ਼ੀ ਜੋਗਿੰਦਰ ਸਿੰਘ ਵੀ ਸਵਾਰ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
ਮਾਮਲੇ ਦੀ ਅਗਲੀ ਜਾਂਚ ਵਿੱਚ ਚੌਕੀ ਇੰਚਾਰਜ ਗੁਰਨਾਮ ਸਿੰਘ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆਈ। ਡਿਊਟੀ ਪ੍ਰਤੀ ਲਾਪਰਵਾਹੀ ਅਤੇ ਹੋਰ ਤੱਥਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਸੀਨੀਅਰ ਅਧਿਕਾਰੀਆਂ ਨੇ ਦੋਵਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਪੁਲਿਸ ਚੌਕੀ ਘੁਬਾਇਆ ਦੇ ਕੰਮਕਾਜ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਅਭਿਸ਼ੇਕ ਸ਼ਰਮਾ ਨੂੰ ਚੌਕੀ ਦਾ ਨਵਾਂ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਉਹ ਹੁਣ ਚੌਕੀ ਦਾ ਵਾਧੂ ਚਾਰਜ ਸੰਭਾਲਣਗੇ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਡੀਐਸਪੀ ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਕਾਨੂੰਨ ਸਭ ਲਈ ਇੱਕੋ ਜਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਿਸ ਕਰਮਚਾਰੀ ਵੀ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.