ਤਾਜਾ ਖਬਰਾਂ
ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਕੁੱਕੜਾਂਵਾਲੀ ਇਲਾਕੇ ਵਿੱਚ 13 ਕਨਾਲ ਜੱਦੀ ਜ਼ਮੀਨ ਦਾ ਖ਼ੂਨੀ ਵਿਵਾਦ ਉਸ ਵੇਲੇ ਵਧ ਗਿਆ, ਜਦੋਂ ਇੱਕ ਧਿਰ ਨੇ ਆਪਣੇ ਹੀ ਸਕੇ ਰਿਸ਼ਤੇਦਾਰਾਂ ਦੀ ਗੱਡੀ ਘੇਰ ਕੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਆਰੋਪ ਹੈ ਕਿ ਹਮਲਾਵਰਾਂ ਨੇ ਪੀੜਤ ਪਰਿਵਾਰ 'ਤੇ ਰਿਵਾਲਵਰ ਨਾਲ ਸਿੱਧੀ ਗੋਲੀ ਚਲਾਈ ਅਤੇ ਬਜ਼ੁਰਗ ਔਰਤ ਸਮੇਤ ਸਾਰੇ ਮੈਂਬਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ (ਜੋ ਖ਼ੁਦ ਨੂੰ ਹਾਈਕੋਰਟ ਦਾ ਵਕੀਲ ਦੱਸਦਾ ਹੈ) ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੋਗਾ ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਪੀੜਤ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਜ਼ੁਰਗ ਦਾਦੀ ਅਤੇ ਮਾਪਿਆਂ ਨਾਲ ਆਪਣੇ ਪੁਰਾਣੇ ਪਿੰਡ ਕੁਹਾਲਾ ਵੱਲ ਜਾ ਰਹੇ ਸਨ। ਰਸਤੇ ਵਿੱਚ ਕਾਲੀ ਫਿਲਮ ਲੱਗੀ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁੱਕੜਾਂਵਾਲੀ ਦੇ ਨਜ਼ਦੀਕ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣੀ ਕਾਰ ਅੜਾ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਗੁਰਜੀਤ ਮੁਤਾਬਕ ਉਸ ਦੇ ਚਚੇਰੇ ਭਰਾ ਈਸ਼ਵਰਜੋਤ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਫਾਇਰਿੰਗ ਕਰ ਦਿੱਤੀ, ਪਰ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਹਿੰਮਤ ਦਿਖਾ ਕੇ ਹਮਲਾਵਰ ਕੋਲੋਂ ਹਥਿਆਰ ਖੋਹ ਲਿਆ ਅਤੇ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਸੂਚਿਤ ਕੀਤਾ।
ਪੀੜਤਾਂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਨਾ ਸਿਰਫ਼ ਗੋਲੀ ਚਲਾਈ, ਬਲਕਿ ਗੁਰਜੀਤ ਦੇ ਪਿਤਾ ਦੀ ਪੱਗੜੀ ਉਤਾਰ ਕੇ ਬੇਅਦਬੀ ਕੀਤੀ ਅਤੇ ਦਾੜ੍ਹੀ ਤੋਂ ਫੜ ਕੇ ਉਨ੍ਹਾਂ ਨੂੰ ਘੜੀਸਿਆ। ਇਸ ਖ਼ੂਨੀ ਝੜਪ ਦੌਰਾਨ ਉਨ੍ਹਾਂ ਦੀ ਬਜ਼ੁਰਗ ਦਾਦੀ ਸੁਖਵੰਤ ਕੌਰ ਨੂੰ ਵੀ ਜ਼ਮੀਨ 'ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਦੰਦ ਟੁੱਟ ਗਏ। ਬਜ਼ੁਰਗ ਮਾਤਾ ਨੇ ਰੋਂਦੇ ਹੋਏ ਮੀਡੀਆ ਸਾਹਮਣੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਹੀ ਪੋਤਰਾ ਜ਼ਮੀਨ ਹੜੱਪਣ ਲਈ ਉਨ੍ਹਾਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹੁਣ ਵੀ ਫੈਸਲਾ ਕਰਨ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਰਾਜਾਸਾਂਸੀ ਥਾਣੇ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ (SHO) ਹਰਜੀਤ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਕੱਦਮਾ ਨੰਬਰ 166/26 ਦਰਜ ਕਰ ਲਿਆ ਹੈ। ਹਮਲਾਵਰਾਂ ਖ਼ਿਲਾਫ਼ ਇਰਾਦਾ-ਏ-ਕਤਲ (ਧਾਰਾ 307), ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ (ਧਾਰਾ 295) ਅਤੇ ਰਸਤਾ ਰੋਕਣ (ਧਾਰਾ 341) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਆਰੋਪੀ ਈਸ਼ਵਰਜੋਤ ਸਿੰਘ, ਉਸ ਦੇ ਪਿਤਾ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਪ੍ਰਾਈਵੇਟ ਸੁਰੱਖਿਆ ਕਰਮੀ (ਗੰਨਮੈਨ) ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ BMW ਕਾਰ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਨੂੰਨੀ ਤਫ਼ਤੀਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.