IMG-LOGO
ਹੋਮ ਪੰਜਾਬ: ਖੰਨਾ ‘ਚ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨੌਜਵਾਨ ਨਿਕਲਿਆ ‘ਸੱਬਲ...

ਖੰਨਾ ‘ਚ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨੌਜਵਾਨ ਨਿਕਲਿਆ ‘ਸੱਬਲ ਗੈਂਗ’ ਦਾ ਮੈਂਬਰ, ਸੋਨਾ ਚੋਰੀ ਕੇਸ ‘ਚ ਸੀ ਫਰਾਰ

Admin User - Jul 08, 2026 05:12 PM
IMG

ਪੰਜਾਬ ਦੇ ਖੰਨਾ ਦੇ ਪਿੰਡ ਬੁਲੇਪੁਰ ਵਿੱਚ ਛੱਤ ‘ਤੇ ਚੜ੍ਹ ਕੇ ਆਪਣੇ ਐਨਕਾਊਂਟਰ ਦਾ ਖ਼ਦਸ਼ਾ ਜਤਾਉਂਦਿਆਂ ਸੋਸ਼ਲ ਮੀਡੀਆ ‘ਤੇ ਲਾਈਵ ਹੋਣ ਵਾਲਾ ਨੌਜਵਾਨ ਅਸਲ ਵਿੱਚ ਇੱਕ ਲੋੜੀਂਦਾ ਅਪਰਾਧੀ ਨਿਕਲਿਆ ਹੈ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤਾ ਗਿਆ ਦਿਲਦੀਪ ਸਿੰਘ ਉਰਫ਼ ਦੀਪੀ ਜਨਵਰੀ 2026 ਵਿੱਚ ਦਰਜ ਲੱਖਾਂ ਰੁਪਏ ਦੇ ਸੋਨੇ ਦੀ ਚੋਰੀ ਦੇ ਹਾਈ-ਪ੍ਰੋਫਾਈਲ ਮਾਮਲੇ ਵਿੱਚ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਉਸ ਸਮੇਤ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਜਿਨ੍ਹਾਂ ਵਿੱਚੋਂ ਬਾਕੀ ਪਹਿਲਾਂ ਹੀ ਕਾਬੂ ਆ ਚੁੱਕੇ ਸਨ, ਜਦਕਿ ਦੀਪੀ ਪੁਲਿਸ ਤੋਂ ਬਚਦਾ ਫਿਰ ਰਿਹਾ ਸੀ।

ਪੁਲਿਸ ਮੁਤਾਬਕ ਦਿਲਦੀਪ ਸਿੰਘ ਖੰਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਗਰਮ 'ਸੱਬਲ ਗੈਂਗ' ਦਾ ਅਹਿਮ ਮੈਂਬਰ ਹੈ, ਜਿਸ ‘ਤੇ ਚੋਰੀ ਦੀਆਂ ਕਈ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਆਪਣੀ ਪਛਾਣ ਅਤੇ ਲੋਕੇਸ਼ਨ ਲੁਕਾਉਣ ਲਈ ਯੂਕੇ ਦੇ ਮੋਬਾਈਲ ਨੰਬਰ ਰਾਹੀਂ ਵਟਸਐਪ ਵਰਤਦਾ ਸੀ। ਉਹ ਆਪਣੇ ਜਾਣਕਾਰਾਂ ਨੂੰ ਇਹ ਭਰੋਸਾ ਦਿਵਾਉਂਦਾ ਸੀ ਕਿ ਉਹ ਵਿਦੇਸ਼ ਵਿੱਚ ਰਹਿ ਰਿਹਾ ਹੈ, ਤਾਂ ਜੋ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ।

ਦਰਅਸਲ, ਕਾਊਂਟਰ ਇੰਟੈਲੀਜੈਂਸ ਦੀ ਟੀਮ ਗੁਪਤ ਸੂਚਨਾ ਦੇ ਆਧਾਰ ‘ਤੇ ਬੁਲੇਪੁਰ ਸਥਿਤ ਉਸ ਦੇ ਕਿਰਾਏ ਦੇ ਮਕਾਨ ਵਿੱਚ ਵੈਰੀਫਿਕੇਸ਼ਨ ਲਈ ਪਹੁੰਚੀ ਸੀ। ਪੁਲਿਸ ਨੂੰ ਦੇਖ ਕੇ ਮੁਲਜ਼ਮ ਨੇ ਪਹਿਲਾਂ ਆਪਣੇ ਆਪ ਨੂੰ ਘਰ ਅੰਦਰ ਬੰਦ ਕਰ ਲਿਆ ਅਤੇ ਫਿਰ ਛੱਤ ‘ਤੇ ਚੜ੍ਹ ਕੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਗਿਆ। ਲਾਈਵ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਪੁਲਿਸ ਉਸ ਦਾ ਐਨਕਾਊਂਟਰ ਕਰਨ ਆਈ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਕਰੀਬ ਦੋ ਘੰਟੇ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਕੇ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਰਿਕਾਰਡ ਮੁਤਾਬਕ ਦਿਲਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਜਾਨਲੇਵਾ ਹਮਲੇ, ਆਰਮਜ਼ ਐਕਟ ਅਤੇ ਹੋਰ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਸਿਟੀ ਥਾਣਾ-2 ਦੇ ਐੱਸਐੱਚਓ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਮੁਲਜ਼ਮ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਉਮੀਦ ਹੈ ਕਿ ਇਸ ਪੁੱਛਗਿੱਛ ਦੌਰਾਨ ਗੈਂਗ ਦੇ ਹੋਰ ਮੈਂਬਰਾਂ, ਵੱਖ-ਵੱਖ ਚੋਰੀਆਂ ਅਤੇ ਵਿਦੇਸ਼ੀ ਨੰਬਰਾਂ ਰਾਹੀਂ ਕੀਤੇ ਗਏ ਸੰਪਰਕਾਂ ਬਾਰੇ ਵੀ ਅਹਿਮ ਖੁਲਾਸੇ ਹੋ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.