ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਸੂਬਾ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਦੇ ਚੰਡੀਗੜ੍ਹ ਦੌਰੇ ਦੇ ਦੋ ਦਿਨ ਬੀਤ ਜਾਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਹੈ। ਇੱਕ ਪਾਸੇ ਜਿੱਥੇ ਬਘੇਲ ਨਾਰਾਜ਼ ਧੜੇ ਨੂੰ ਮਨਾਉਣ ਅਤੇ ਪਾਰਟੀ ਦੇ ਹੋਰਨਾਂ ਨੇਤਾਵਾਂ ਨਾਲ ਮੀਟਿੰਗਾਂ ਕਰਨ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਉਨ੍ਹਾਂ ਨੇ ਇੱਕ ਟੁੱਕ ਜਵਾਬ ਦਿੰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਲਏ ਗਏ ਫੈਸਲਿਆਂ 'ਤੇ ਹੁਣ ਕੋਈ ਦੁਬਾਰਾ ਵਿਚਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਡੈਮੇਜ ਕੰਟਰੋਲ ਕਰਦੇ ਹੋਏ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਅੰਦਰ ਕੋਈ ਵੀ ਆਗੂ ਨਾਰਾਜ਼ ਨਹੀਂ ਹੈ।
ਦਰਅਸਲ, ਇਹ ਸਾਰਾ ਵਿਵਾਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ 'ਤੇ ਬਰਕਰਾਰ ਰੱਖਣ ਦੇ ਹਾਈਕਮਾਂਡ ਦੇ ਫੈਸਲੇ ਤੋਂ ਬਾਅਦ ਸ਼ੁਰੂ ਹੋਇਆ ਹੈ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਹੀ ਇਸ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ। ਫੈਸਲਾ ਵਿਰੋਧ ਵਿੱਚ ਜਾਣ ਕਾਰਨ ਚੰਨੀ ਧੜਾ ਬੇਹੱਦ ਖ਼ਫ਼ਾ ਹੈ। ਚੰਨੀ ਸਮਰਥਕਾਂ ਦਾ ਕਹਿਣਾ ਸੀ ਕਿ ਉਹ ਇਸ ਫੈਸਲੇ ਦੇ ਖ਼ਿਲਾਫ਼ ਹਾਈਕਮਾਂਡ ਤੱਕ ਪਹੁੰਚ ਕਰਕੇ ਨਜ਼ਰਸਾਨੀ ਦੀ ਮੰਗ ਕਰਨਗੇ, ਪਰ ਇੰਚਾਰਜ ਬਘੇਲ ਦੇ ਤਾਜ਼ਾ ਰੁਖ਼ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹੁਣ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਬਘੇਲ ਦੇ ਇਸ ਸਖ਼ਤ ਬਿਆਨ ਤੋਂ ਬਾਅਦ ਚੰਨੀ ਅਗਲਾ ਕੀ ਕਦਮ ਚੁੱਕਣਗੇ।
ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਇਸ ਗ੍ਰਹਿ-ਕਲੇਸ਼ ਨੂੰ ਸੁਲਝਾਉਣ ਲਈ ਭੁਪੇਸ਼ ਬਘੇਲ ਨੂੰ 6 ਜੁਲਾਈ ਨੂੰ 5 ਦਿਨਾਂ ਦੇ ਦੌਰੇ 'ਤੇ ਚੰਡੀਗੜ੍ਹ ਭੇਜਿਆ ਸੀ। ਬਘੇਲ ਹੁਣ ਤੱਕ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਹਿਤ ਕਈ ਦਿੱਗਜਾਂ ਨਾਲ ਸਲਾਹ-ਮਸ਼ਵਰਾ ਕਰ ਚੁੱਕੇ ਹਨ, ਪਰ ਚੰਨੀ ਨੇ ਇਨ੍ਹਾਂ ਬੈਠਕਾਂ ਤੋਂ ਦੂਰੀ ਬਣਾਈ ਹੋਈ ਹੈ। ਦੂਜੇ ਪਾਸੇ, ਚੰਨੀ ਵੱਲੋਂ ਹਾਈਕਮਾਂਡ ਨੂੰ ਆਪਣੀ ਤਾਕਤ ਦਿਖਾਉਣ ਲਈ ਅੰਦਰਖਾਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਰਿਹਾਇਸ਼ 'ਤੇ ਇੱਕ ਹੰਗਾਮੀ ਮੀਟਿੰਗ ਸੱਦੀ ਸੀ, ਜਿਸ ਵਿੱਚ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਮੌਜੂਦਾ ਵਿਧਾਇਕ ਸ਼ਾਮਲ ਹੋਏ। ਰੰਧਾਵਾ ਨੇ ਵੀ ਹਾਲੇ ਤੱਕ ਇੰਚਾਰਜ ਬਘੇਲ ਨਾਲ ਮੁਲਾਕਾਤ ਨਹੀਂ ਕੀਤੀ ਹੈ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਅੰਦਰਲੀ ਦਾਰਾੜ ਆਉਣ ਵਾਲੇ ਦਿਨਾਂ ਵਿੱਚ ਹੋਰ ਡੂੰਘੀ ਹੋ ਸਕਦੀ ਹੈ।
Get all latest content delivered to your email a few times a month.