ਤਾਜਾ ਖਬਰਾਂ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸੇ ਮਹੀਨੇ ਦੇ ਅਖੀਰ ਵਿੱਚ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਇਸ ਦੌਰੇ ਲਈ ਵਿਸ਼ਵ ਕੱਪ ਜੇਤੂ ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸੈਮਸਨ ਦੀ ਜਗ੍ਹਾ ਚੋਣਕਾਰਾਂ ਨੇ ਪਹਿਲੀ ਵਾਰ ਪੰਜਾਬ ਦੇ ਹੁਨਰਮੰਦ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਫੈਸਲੇ ਨਾਲ ਪੰਜਾਬ ਦੇ ਕ੍ਰਿਕਟ ਜਗਤ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਵਾਲੇ ਪ੍ਰਭਸਿਮਰਨ ਸਿੰਘ ਆਈਪੀਐੱਲ (IPL) ਵਿੱਚ 'ਪੰਜਾਬ ਕਿੰਗਜ਼' ਵੱਲੋਂ ਖੇਡਦਿਆਂ ਬਤੌਰ ਓਪਨਰ ਬੱਲੇਬਾਜ਼ ਅਤੇ ਵਿਕਟਕੀਪਰ ਕਈ ਸ਼ਾਨਦਾਰ ਪਾਰੀਆਂ ਖੇਡ ਚੁੱਕੇ ਹਨ। ਦੂਜੇ ਪਾਸੇ, ਲਗਾਤਾਰ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਸੰਜੂ ਸੈਮਸਨ ਨੂੰ ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੀ-20 ਲੜੀ ਦੇ ਦੂਜੇ ਮੈਚ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ, ਜਿੱਥੇ ਹੁਣ ਉਨ੍ਹਾਂ ਦੀ ਜਗ੍ਹਾ ਵੈਭਵ ਸੂਰਿਆਵੰਸ਼ੀ ਨੂੰ ਮੌਕਾ ਮਿਲਿਆ ਹੈ। ਸੈਮਸਨ ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਪਹਿਲੇ ਮੈਚ ਵਿੱਚ ਬੁਰੀ ਤਰ੍ਹਾਂ ਫ਼ਲਾਪ ਰਹੇ ਸਨ।
ਜ਼ਿੰਬਾਬਵੇ ਦੌਰੇ ਲਈ ਚੋਣਕਾਰਾਂ ਨੇ ਯੁਵਾ ਖਿਡਾਰੀਆਂ 'ਤੇ ਵੱਡਾ ਦਾਅ ਖੇਡਿਆ ਹੈ। ਤੇਜ਼ ਗੇਂਦਬਾਜ਼ ਯਸ਼ ਠਾਕੁਰ, ਹਰਸ਼ ਦੂਬੇ ਅਤੇ ਅਸ਼ੋਕ ਸ਼ਰਮਾ ਨੂੰ ਪਹਿਲੀ ਵਾਰ ਕੌਮੀ ਟੀਮ ਦਾ ਸੱਦਾ ਮਿਲਿਆ ਹੈ। ਇਸ ਦੇ ਨਾਲ ਹੀ, ਆਪਣੀ ਤੇਜ਼ ਰਫ਼ਤਾਰ ਗੇਂਦਬਾਜ਼ੀ ਨਾਲ ਸੁਰਖੀਆਂ ਬਟੋਰਨ ਵਾਲੇ ਮਯੰਕ ਯਾਦਵ ਦੀ ਸਾਲ 2024 ਤੋਂ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ, ਜਦਕਿ ਸਟਾਰ ਫਿਨਿਸ਼ਰ ਰਿੰਕੂ ਸਿੰਘ ਵੀ ਟੀਮ ਵਿੱਚ ਪਰਤ ਆਏ ਹਨ। ਇਸ ਤੋਂ ਇਲਾਵਾ, ਬੀਸੀਸੀਆਈ ਨੇ ਸਾਫ਼ ਕੀਤਾ ਹੈ ਕਿ ਇੰਗਲੈਂਡ ਵਿਰੁੱਧ ਹੋਣ ਵਾਲੀ ਵਨਡੇ ਲੜੀ ਲਈ ਜ਼ਖ਼ਮੀ ਨਿਤੀਸ਼ ਕੁਮਾਰ ਰੈੱਡੀ ਦੀ ਜਗ੍ਹਾ ਆਲਰਾਊਂਡਰ ਸ਼ਿਵਮ ਦੂਬੇ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਲੜੀ ਹਰਾਰੇ ਸਪੋਰਟਸ ਕਲੱਬ ਵਿਖੇ ਖੇਡੀ ਜਾਵੇਗੀ, ਜਿਸ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:
ਪਹਿਲਾ ਟੀ-20: ਵੀਰਵਾਰ, 23 ਜੁਲਾਈ, 2026
ਦੂਜਾ ਟੀ-20: ਸ਼ਨੀਵਾਰ, 25 ਜੁਲਾਈ, 2026
ਤੀਜਾ ਟੀ-20: ਐਤਵਾਰ, 26 ਜੁਲਾਈ, 2026
ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ (ਉਪ-ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੂਬੇ, ਸੂਰਯਾਂਸ਼ ਸ਼ੇਦਗੇ, ਰਿੰਕੂ ਸਿੰਘ, ਹਰਸ਼ ਦੂਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ ਅਤੇ ਪ੍ਰਭਸਿਮਰਨ ਸਿੰਘ (ਵਿਕਟਕੀਪਰ)।
Get all latest content delivered to your email a few times a month.