ਤਾਜਾ ਖਬਰਾਂ
ਪੰਜਾਬ ਨੂੰ ਦੇਸ਼ ਦਾ ਸਭ ਤੋਂ ਅਗੇਤਰਨ ਖੇਡ ਸੂਬਾ ਬਣਾਉਣ ਦੇ ਟੀਚੇ ਨੂੰ ਹੋਰ ਮਜ਼ਬੂਤੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ 9.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਓਲੰਪਿਕ ਮਾਪਦੰਡਾਂ ਵਾਲੇ ਆਧੁਨਿਕ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਖੇਡ ਸਹੂਲਤ ਨਹੀਂ, ਸਗੋਂ ਭਵਿੱਖ ਦੇ ਏਸ਼ੀਅਨ, ਵਿਸ਼ਵ ਅਤੇ ਓਲੰਪਿਕ ਚੈਂਪੀਅਨਾਂ ਨੂੰ ਤਿਆਰ ਕਰਨ ਵਾਲੀ ਨਰਸਰੀ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਨੂੰ ਲੋੜੀਂਦੀ ਤਰਜੀਹ ਨਹੀਂ ਦਿੱਤੀ ਅਤੇ ਖੇਡ ਬਜਟ ਕਦੇ ਵੀ 200 ਕਰੋੜ ਰੁਪਏ ਤੋਂ ਉੱਪਰ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਇਸ ਬਜਟ ਨੂੰ ਵਧਾ ਕੇ 1,790 ਕਰੋੜ ਰੁਪਏ ਕਰ ਦਿੱਤਾ ਹੈ ਤਾਂ ਜੋ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ, ਬਿਹਤਰ ਸਿਖਲਾਈ ਅਤੇ ਲੋੜੀਂਦੇ ਸਰੋਤ ਮੁਹੱਈਆ ਕਰਵਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਦਕਿ ਸੂਬੇ ਵਿੱਚ ਜਲਦ ਹੀ ਪੰਜਾਬ ਪ੍ਰੀਮੀਅਰ ਲੀਗ ਅਤੇ ਪੰਜਾਬ ਹਾਕੀ ਲੀਗ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ, ਜਿਸ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ 'ਤੇ ਮੁੱਖ ਮੰਤਰੀ ਨੇ ਲਿਖਿਆ ਕਿ 50×21 ਮੀਟਰ ਆਕਾਰ ਵਾਲਾ ਇਹ ਸਵਿਮਿੰਗ ਪੂਲ ਖਿਡਾਰੀਆਂ ਅਤੇ ਕੋਚਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਲਈ ਨਕਦ ਇਨਾਮਾਂ ਵਿੱਚ ਵੀ ਵੱਡਾ ਵਾਧਾ ਕੀਤਾ ਹੈ। ਹੁਣ ਸੋਨ ਤਗਮਾ ਜੇਤੂ ਨੂੰ ਇੱਕ ਕਰੋੜ ਰੁਪਏ, ਚਾਂਦੀ ਦੇ ਤਗਮੇ ਲਈ 75 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 50 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਖਿਡਾਰੀਆਂ ਨੂੰ ਸਿਖਲਾਈ ਲਈ ਪਹਿਲਾਂ ਹੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ।
ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਨੌਜਵਾਨਾਂ ਲਈ ਇਹ ਇਤਿਹਾਸਕ ਦਿਨ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਅਜਿਹੀ ਸਹੂਲਤ ਮਿਲੀ ਹੈ ਜੋ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਵਿਮਿੰਗ ਪੂਲ ਭਵਿੱਖ ਦੇ ਓਲੰਪੀਅਨਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਮੁੱਖ ਮੰਤਰੀ ਨੇ ਦੱਸਿਆ ਕਿ 50 ਮੀਟਰ ਲੰਬੇ ਅਤੇ 21 ਮੀਟਰ ਚੌੜੇ ਇਸ ਪੂਲ ਦੀ ਡੂੰਘਾਈ 4.5 ਫੁੱਟ ਤੋਂ 7.5 ਫੁੱਟ ਤੱਕ ਹੈ ਅਤੇ ਇਸ ਵਿੱਚ ਕਰੀਬ 2.5 ਲੱਖ ਲੀਟਰ ਪਾਣੀ ਦੀ ਸਮਰੱਥਾ ਹੈ। ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖਰੇ ਚੇਂਜਿੰਗ ਰੂਮ, ਸ਼ਾਵਰ, ਕੋਚਾਂ ਲਈ ਕਮਰੇ, ਸਟੋਰ ਰੂਮ ਅਤੇ ਆਧੁਨਿਕ ਜਿਮਨੇਜ਼ੀਅਮ ਵੀ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੱਖਰਾ ਮਿੰਨੀ ਸਵਿਮਿੰਗ ਪੂਲ ਵੀ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਵਿਮਿੰਗ ਕੰਪਲੈਕਸ ਦਾ ਨਿਰਮਾਣ ਵਿਸ਼ਵ ਪੱਧਰੀ ‘ਮਿਰਥਾ ਰੇਨੋਵੇਐਕਸ਼ਨ’ ਅਤੇ ‘ਕਲਾਸਿਕ ਮੌਡਿਊਲਰ ਸਿਸਟਮ’ ਤਕਨਾਲੋਜੀ ਨਾਲ ਕੀਤਾ ਗਿਆ ਹੈ। ਇਸ ਵਿੱਚ ਲੈਮੀਨੇਟਡ ਪੀਵੀਸੀ ਅਤੇ ਸਟੇਨਲੈੱਸ ਸਟੀਲ ਪੈਨਲ ਵਰਤੇ ਗਏ ਹਨ, ਜਦਕਿ ਪਾਣੀ ਦੀ ਗੁਣਵੱਤਾ ਅਤੇ ਸੁਰੱਖਿਆ ਲਈ ਯੂਰਪੀਅਨ ਮਾਪਦੰਡਾਂ ਅਨੁਸਾਰ ਫਿਲਟਰੇਸ਼ਨ ਅਤੇ ਡਿਸਇਨਫੈਕਸ਼ਨ ਸਿਸਟਮ ਸਥਾਪਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਭਰੋਸਾ ਦਿਵਾਇਆ ਕਿ ਖੇਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਨਾ ਤਾਂ ਫੰਡਾਂ ਦੀ ਕਮੀ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਬੁਨਿਆਦੀ ਢਾਂਚੇ ਵਿੱਚ ਕੋਈ ਘਾਟ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਭਰ ਵਿੱਚ 3,100 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਤਰੁਣਪ੍ਰੀਤ ਸਿੰਘ ਸੌਂਦ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ।
Get all latest content delivered to your email a few times a month.