ਤਾਜਾ ਖਬਰਾਂ
ਉਦਯੋਗਿਕ ਨਗਰੀ ਲੁਧਿਆਣਾ ਵਿੱਚ ਅਪਰਾਧਿਕ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ-ਦਿਹਾੜੇ ਭਰੇ ਬਾਜ਼ਾਰਾਂ ਵਿੱਚ ਗੋਲੀਆਂ ਚੱਲਣੀਆਂ ਅਤੇ ਅਗਵਾ ਵਰਗੀਆਂ ਵਾਰਦਾਤਾਂ ਹੋਣੀਆਂ ਆਮ ਗੱਲ ਹੋ ਗਈ ਹੈ। ਅਜਿਹੀ ਹੀ ਇੱਕ ਸਨਸਨੀਖੇਜ਼ ਅਤੇ ਪੂਰੇ ਇਲਾਕੇ ਨੂੰ ਦਹਿਸ਼ਤਜ਼ਦਾ ਕਰਨ ਵਾਲੀ ਘਟਨਾ ਸੈਕਟਰ-32 ਵਿੱਚ ਸਾਹਮਣੇ ਆਈ ਹੈ। ਇੱਥੇ ਇੱਕ ਨਿੱਜੀ ਝਗੜੇ ਦੇ ਚਲਦਿਆਂ 10 ਤੋਂ 12 ਹਥਿਆਰਬੰਦ ਹਮਲਾਵਰਾਂ ਦੇ ਇੱਕ ਗਰੁੱਪ ਨੇ ਤਿੰਨ ਨੌਜਵਾਨਾਂ 'ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਤੇਜ਼ਧਾਰ ਹਥਿਆਰਾਂ ਨਾਲ ਖ਼ੂਨੀ ਖੇਡ ਖੇਡੀ, ਬਲਕਿ ਇਲਾਕੇ ਵਿੱਚ ਖ਼ੌਫ਼ ਪੈਦਾ ਕਰਨ ਲਈ ਗੋਲੀਆਂ ਚਲਾਈਆਂ ਅਤੇ 23 ਸਾਲਾ ਸ਼ੁਭਮ ਨਾਮਕ ਨੌਜਵਾਨ ਨੂੰ ਅਗਵਾ ਕਰਕੇ ਇੱਕ ਇਨੋਵਾ ਕਾਰ ਵਿੱਚ ਫ਼ਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ, ਤਿੰਨ ਦੋਸਤ ਸੈਕਟਰ-32 ਵਿੱਚ ਸਥਿਤ ਇੱਕ ਸਟਾਲ 'ਤੇ ਨਿਊਟਰੀ-ਕੁਲਚਾ ਖਾਣ ਲਈ ਰੁਕੇ ਹੋਏ ਸਨ। ਇਸੇ ਦੌਰਾਨ ਅਚਾਨਕ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ। ਚਸ਼ਮਦੀਦਾਂ ਮੁਤਾਬਕ, ਮੁਲਜ਼ਮਾਂ ਨੇ ਆਉਂਦਿਆਂ ਹੀ ਬਿਨਾਂ ਕੁਝ ਬੋਲੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ। ਜਦੋਂ ਪੀੜਤਾਂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰਾਂ ਨੇ ਹਵਾ ਵਿੱਚ ਦੋ ਰਾਊਂਡ ਫਾਇਰ ਕੀਤੇ, ਜਿਸ ਕਾਰਨ ਬਾਜ਼ਾਰ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।
ਇਸ ਖ਼ੂਨੀ ਝੜਪ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਉਨ੍ਹਾਂ ਦਾ ਸਾਥੀ ਸ਼ੁਭਮ ਹਮਲੇ ਕਾਰਨ ਲਹੂ-ਲੁਹਾਨ ਹੋ ਕੇ ਸੜਕ 'ਤੇ ਹੀ ਬੇਹੋਸ਼ ਹੋ ਗਿਆ। ਹਮਲਾਵਰ ਬੜੀ ਬੇਖ਼ੌਫ਼ੀ ਨਾਲ ਉੱਥੇ ਰੁਕੇ ਅਤੇ ਬੇਹੋਸ਼ ਸ਼ੁਭਮ ਨੂੰ ਚੁੱਕ ਕੇ ਆਪਣੀ ਇਨੋਵਾ ਗੱਡੀ ਵਿੱਚ ਜ਼ਬਰਦਸਤੀ ਸੁੱਟਿਆ ਤੇ ਮੌਕੇ ਤੋਂ ਰਫ਼ੂ-ਚੱਕਰ ਹੋ ਗਏ। ਇਸ ਰੂਹ ਕੰਬਾਊ ਵਾਰਦਾਤ ਦੀ ਇੱਕ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਹੱਥਾਂ ਵਿੱਚ ਹਥਿਆਰ ਲਹਿਰਾਉਂਦੇ ਹੋਏ ਨੌਜਵਾਨਾਂ ਦਾ ਪਿੱਛਾ ਕਰਦੇ ਅਤੇ ਗੋਲੀਆਂ ਚਲਾਉਂਦੇ ਸਾਫ਼ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਗੋਲੀਆਂ ਦੀ ਗੂੰਜਦੀ ਆਵਾਜ਼ ਘਟਨਾ ਦੀ ਗੰਭੀਰਤਾ ਨੂੰ ਬਿਆਨ ਕਰ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਅਤੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚੀਆਂ। ਪੁਲਿਸ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਉੱਥੋਂ ਚੱਲੀਆਂ ਗੋਲੀਆਂ ਦੇ ਦੋ ਖੋਲ (ਕਾਰਤੂਸ) ਬਰਾਮਦ ਕੀਤੇ। ਮਾਮਲੇ ਦੀ ਪੁਸ਼ਟੀ ਕਰਦਿਆਂ ਸਟੇਸ਼ਨ ਹਾਊਸ ਅਫ਼ਸਰ (SHO) ਇੰਸਪੈਕਟਰ ਗਗਨਦੀਪ ਸਿੰਘ ਮਲਹੋਤਰਾ ਨੇ ਦੱਸਿਆ ਕਿ ਸ਼ੁਭਮ ਦੇ ਅਗਵਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮੁਲਜ਼ਮਾਂ ਨੂੰ ਦਬੋਚਣ ਲਈ ਪੂਰੇ ਸ਼ਹਿਰ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਪੁਲਿਸ ਸੂਤਰਾਂ ਤੋਂ ਮਿਲੀ ਅਹਿਮ ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਵੀ ਸ਼ੁਭਮ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਲਈ ਪੁਲਿਸ ਹੁਣ ਇਸ ਪੂਰੇ ਘਟਨਾਕ੍ਰਮ ਨੂੰ ਦੋਵਾਂ ਧਿਰਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਆਪਸੀ ਰੰਜਿਸ਼ ਅਤੇ ਗੈਂਗਵਾਰ ਦੇ ਐਂਗਲ ਤੋਂ ਦੇਖ ਰਹੀ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀਆਂ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਅਗਵਾ ਹੋਏ ਨੌਜਵਾਨ ਨੂੰ ਜਲਦ ਹੀ ਸੁਰੱਖਿਅਤ ਛੁਡਾ ਲਿਆ ਜਾਵੇਗਾ, ਪਰ ਦਿਨ-ਦਿਹੜੇ ਵਾਪਰੀ ਇਸ ਦਲੇਰਾਨਾ ਵਾਰਦਾਤ ਨੇ ਇੱਕ ਵਾਰ ਫਿਰ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.