ਤਾਜਾ ਖਬਰਾਂ
ਬਠਿੰਡਾ ਪੁਲਿਸ ਨੇ ਵਿਸ਼ਾਲ ਨਗਰ ਸਥਿਤ ਇੱਕ ਹੋਮਿਓਪੈਥਿਕ ਕਲੀਨਿਕ 'ਤੇ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਸ਼ੱਕੀ ਸੰਦੀਪ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਾਜ਼ਿਲਕਾ ਦਾ ਰਹਿਣ ਵਾਲਾ ਸੰਦੀਪ B.A. ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਪੁਲਿਸ ਇਸ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਚੁੱਕੀ ਹੈ।
ਐਸਪੀ (ਪੀਬੀਆਈ) ਹੀਨਾ ਗੁਪਤਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਦੇ ਬੈਂਕ ਖਾਤੇ ਵਿੱਚ 5,000 ਰੁਪਏ ਜਮ੍ਹਾਂ ਕਰਵਾਏ ਗਏ ਸਨ। ਇਸ ਦੇ ਨਾਲ ਹੀ ਉਸ ਦੇ ਸ਼ਹਿਜ਼ਾਦ ਭੱਟੀ ਨਾਮਕ ਵਿਅਕਤੀ ਨਾਲ ਸੰਪਰਕ ਹੋਣ ਦੇ ਵੀ ਸਬੂਤ ਮਿਲੇ ਹਨ। ਪੁਲਿਸ ਹੁਣ ਇਸ ਲੈਣ-ਦੇਣ ਅਤੇ ਸਾਜ਼ਿਸ਼ ਦੇ ਹੋਰ ਪੱਖਾਂ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 22 ਜੂਨ 2026 ਦੀ ਰਾਤ ਕਰੀਬ 9:42 ਵਜੇ ਦੋ ਅਣਪਛਾਤੇ ਹਮਲਾਵਰਾਂ ਨੇ ਵਿਸ਼ਾਲ ਨਗਰ ਸਥਿਤ ਹੈਨੇਮੈਨ ਹੋਮਿਓ ਕਲੀਨਿਕ, ਜੋ ਡਾ. ਤਰਸੇਮ ਗਰਗ ਦਾ ਹੈ, 'ਤੇ ਪੈਟਰੋਲ ਬੰਬ ਸੁੱਟਿਆ ਸੀ। ਹਮਲੇ ਤੋਂ ਬਾਅਦ 23 ਜੂਨ ਨੂੰ ਕੋਤਵਾਲੀ ਥਾਣਾ ਬਠਿੰਡਾ ਵਿੱਚ ਭਾਰਤੀ ਨਿਆ ਸੰਹਿਤਾ (BNS) ਅਤੇ ਵਿਸਫੋਟਕ ਐਕਟ, 1908 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਜਾਂਚ ਦੌਰਾਨ ਸ਼ਿਕਾਇਤਕਰਤਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਸ਼ਹਿਜ਼ਾਦ ਭੱਟੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ, ਜਿਸ ਤੋਂ ਬਾਅਦ BNS ਦੀ ਧਾਰਾ 113 ਵੀ ਕੇਸ ਵਿੱਚ ਸ਼ਾਮਲ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SP (ਸਿਟੀ) ਅਤੇ SP (ਡੀ) ਦੀ ਨਿਗਰਾਨੀ ਹੇਠ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।
ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਤਿੰਨ ਸ਼ੱਕੀਆਂ ਦੀ ਪਛਾਣ ਕੀਤੀ। ਇਸ ਤੋਂ ਬਾਅਦ CIA ਸਟਾਫ-2 ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਸਾਂਝੀ ਕਾਰਵਾਈ ਦੌਰਾਨ ਪਹਿਲਾਂ ਨਕੁਲ ਕੁਮਾਰ ਰਾਜਪੂਤ (21) ਅਤੇ ਗੁਰਵਿੰਦਰ ਸਿੰਘ ਉਰਫ਼ ਉੱਲੀ (22), ਦੋਵੇਂ ਪਿੰਡ ਖੁਈਆਂ ਸਰਵਰ (ਫਾਜ਼ਿਲਕਾ) ਦੇ ਰਹਿਣ ਵਾਲੇ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੁਣ ਮੁੱਖ ਸ਼ੱਕੀ ਸੰਦੀਪ ਸਿੰਘ ਉਰਫ਼ ਬਿੱਲਾ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੂੰ ਉਮੀਦ ਹੈ ਕਿ ਸਾਜ਼ਿਸ਼ ਨਾਲ ਜੁੜੇ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।
Get all latest content delivered to your email a few times a month.