ਤਾਜਾ ਖਬਰਾਂ
ਪਠਾਨਕੋਟ ਦੇ ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ਜਗਤਪੁਰ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਦੋ ਭਰਾਵਾਂ ਵਿਚਕਾਰ ਚੱਲ ਰਹੇ ਜ਼ਮੀਨੀ ਝਗੜੇ ਨੂੰ ਸ਼ਾਂਤ ਕਰਵਾਉਣ ਅਤੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਮੌਜੂਦਾ ਮਹਿਲਾ ਸਰਪੰਚ ਨੂੰ ਬੇਹੱਦ ਮਹਿੰਗੀ ਪੈ ਗਈ। ਸਰਪੰਚ ਦੇ ਇਸ ਦਖ਼ਲ ਤੋਂ ਖ਼ਫ਼ਾ ਹੋ ਕੇ ਇੱਕ ਧਿਰ ਨੇ ਨਫ਼ਰਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮਹਿਲਾ ਸਰਪੰਚ ਦੇ ਘਰ ਅੰਦਰ ਦਾਖ਼ਲ ਹੋ ਕੇ ਲੋਹੇ ਦੀਆਂ ਰਾਡਾਂ, ਲਾਠੀਆਂ ਅਤੇ ਪੱਥਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਿੰਸਕ ਝੜਪ ਵਿੱਚ ਮਹਿਲਾ ਸਰਪੰਚ ਨੀਤੂ ਸੈਣੀ, ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਅਤੇ ਬਜ਼ੁਰਗ ਸਹੁਰੇ ਸੁਭਾਸ਼ ਚੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ੁੱਕਰਵਾਰ ਰਾਤ ਕਾਰਵਾਈ ਕਰਦਿਆਂ ਦੋ ਔਰਤਾਂ ਸਣੇ ਤਿੰਨ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਅਮਰਜੀਤ ਸਿੰਘ (45) ਪੁੱਤਰ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਖੇਤੀਬਾੜੀ ਕਰਦਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਉਹ ਆਪਣੇ ਪਿਤਾ ਨਾਲ ਘਰ ਦੇ ਵਿਹੜੇ ਵਿੱਚ ਬੈਠਾ ਗੱਲਬਾਤ ਕਰ ਰਿਹਾ ਸੀ, ਜਦਕਿ ਉਸ ਦੀ ਪਤਨੀ ਤੇ ਪਿੰਡ ਦੀ ਸਰਪੰਚ ਨੀਤੂ ਸੈਣੀ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਸੀ। ਇਸੇ ਦੌਰਾਨ ਉਸ ਦੇ ਚਾਚੇ ਦਾ ਲੜਕਾ ਜਗਦੀਸ਼ ਰਾਜ ਪੁੱਤਰ ਪੂਰਨ ਚੰਦ, ਆਪਣੀ ਪਤਨੀ ਨੇਹਾ ਅਤੇ ਗੁਰਦਾਸਪੁਰ ਦੀ ਰਹਿਣ ਵਾਲੀ ਪ੍ਰਵੇਸ਼ ਨਾਮਕ ਔਰਤ ਨਾਲ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਤੇ ਡੰਡੇ ਲੈ ਕੇ ਉਨ੍ਹਾਂ ਦੇ ਮੁੱਖ ਗੇਟ 'ਤੇ ਆ ਧਮਕਿਆ ਅਤੇ ਗਾਲੀ-ਗਲੋਚ ਕਰਨ ਲੱਗਾ।
ਅਮਰਜੀਤ ਮੁਤਾਬਕ ਜਦੋਂ ਉਸ ਨੇ ਮਾਹੌਲ ਖ਼ਰਾਬ ਹੁੰਦਾ ਦੇਖ ਕੇ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜਗਦੀਸ਼ ਰਾਜ ਨੇ ਲੋਹੇ ਦੀ ਰਾਡ ਨਾਲ ਉਸ 'ਤੇ ਸਿੱਧਾ ਹਮਲਾ ਕਰ ਦਿੱਤਾ, ਜੋ ਉਸ ਦੇ ਖੱਬੇ ਹੱਥ ਦੀ ਉਂਗਲ 'ਤੇ ਲੱਗਾ ਅਤੇ ਉਸ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ। ਇਸ ਤੋਂ ਤੁਰੰਤ ਬਾਅਦ ਮੁਲਜ਼ਮ ਨੇਹਾ ਨੇ ਡੰਡੇ ਨਾਲ ਅਮਰਜੀਤ 'ਤੇ ਲਗਾਤਾਰ ਕਈ ਵਾਰ ਕੀਤੇ।
ਘਰ ਵਿੱਚ ਚੱਲ ਰਹੀ ਇਸ ਗੁੰਡਾਗਰਦੀ ਅਤੇ ਚੀਕ-ਚਿਹਾਰੇ ਦੀ ਆਵਾਜ਼ ਸੁਣ ਕੇ ਜਦੋਂ ਅਮਰਜੀਤ ਦੀ ਪਤਨੀ ਸਰਪੰਚ ਨੀਤੂ ਸੈਣੀ ਅਤੇ ਬਜ਼ੁਰਗ ਪਿਤਾ ਸੁਭਾਸ਼ ਚੰਦਰ ਬਚਾਅ ਲਈ ਅੱਗੇ ਆਏ, ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਬੇਰਹਿਮੀ ਨਾਲ ਡੰਡੇ ਵਸਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪੀੜਤ ਪਰਿਵਾਰ ਨੇ ਖ਼ੁਦ ਨੂੰ ਬਚਾਉਣ ਲਈ ਸ਼ੋਰ ਮਚਾਇਆ, ਤਾਂ ਤੀਜੀ ਮੁਲਜ਼ਮ ਪ੍ਰਵੇਸ਼ ਨੇ ਗਲੀ ਵਿੱਚੋਂ ਇੱਟਾਂ-ਪੱਥਰ ਚੁੱਕ ਕੇ ਉਨ੍ਹਾਂ ਦੇ ਘਰ 'ਤੇ ਵਾਛੜ ਕਰ ਦਿੱਤੀ। ਹੌਲੀ-ਹੌਲੀ ਗੁਆਂਢੀਆਂ ਅਤੇ ਪਿੰਡ ਵਾਸੀਆਂ ਨੂੰ ਇਕੱਠਾ ਹੁੰਦਾ ਦੇਖ ਕੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਆਪਣੇ ਘਰਾਂ ਵਿੱਚ ਜਾ ਲੁਕੇ।
ਖ਼ੂਨ ਨਾਲ ਲੱਥਪੱਥ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਇੱਕ ਪਰਿਵਾਰਕ ਦੋਸਤ ਅਨਿਰੁੱਧ ਆਹੂਜਾ (ਵਾਸੀ ਦੀਨਾਨਗਰ) ਨੇ ਤੁਰੰਤ ਆਪਣੀ ਨਿੱਜੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਪਠਾਨਕੋਟ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰੀ ਮੁਆਇਨੇ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਮਲੇ ਦੇ ਅਸਲ ਕਾਰਨਾਂ ਬਾਰੇ ਖ਼ੁਲਾਸਾ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਰਾਜ ਦਾ ਆਪਣੇ ਸੱਕੇ ਭਰਾ ਪਾਲ ਸਿੰਘ ਨਾਲ ਜ਼ਮੀਨ ਦੀ ਵੰਡ (ਮੇੜ) ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਨੀਤੂ ਸੈਣੀ ਪਿੰਡ ਦੀ ਸਰਪੰਚ ਹੋਣ ਦੇ ਨਾਤੇ ਦੋਵਾਂ ਭਰਾਵਾਂ ਦਾ ਸ਼ਾਂਤੀਪੂਰਵਕ ਨਿਪਟਾਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਗਦੀਸ਼ ਰਾਜ ਇਸ ਗੱਲ ਤੋਂ ਨਾਰਾਜ਼ ਸੀ ਅਤੇ ਇਸੇ ਰੰਜਿਸ਼ ਤਹਿਤ ਉਸ ਨੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਤਾਰਾਗੜ੍ਹ ਦੀ ਪੁਲਿਸ ਟੀਮ ਨੇ ਹਸਪਤਾਲ ਪਹੁੰਚ ਕੇ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ। ਡਾਕਟਰੀ ਰਿਪੋਰਟ (MLR) ਵਿੱਚ ਅਮਰਜੀਤ ਸਿੰਘ ਦੇ ਸਰੀਰ 'ਤੇ ਤਿੰਨ ਗੰਭੀਰ ਸੱਟਾਂ ਦੀ ਪੁਸ਼ਟੀ ਹੋਈ ਹੈ। ਥਾਣਾ ਮੁਖੀ ਅਨੁਸਾਰ ਅਮਰਜੀਤ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਜਗਦੀਸ਼ ਰਾਜ, ਨੇਹਾ ਅਤੇ ਪ੍ਰਵੇਸ਼ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 115(2), 333 ਅਤੇ 3(5) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
Get all latest content delivered to your email a few times a month.