ਤਾਜਾ ਖਬਰਾਂ
ਲੁਧਿਆਣਾ, 26 ਜੂਨ, 2026-
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿਗਿਆਨਕ ਅਤੇ ਸਬੂਤ-ਆਧਾਰਿਤ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਸਿਵਲ ਹਸਪਤਾਲ, ਲੁਧਿਆਣਾ ਵਿਖੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਕਲੀਨਿਕ ਦਾ ਉਦਘਾਟਨ ਕੀਤਾ। ਇਹ ਵਿਸ਼ੇਸ਼ ਕਲੀਨਿਕ ਓਪੀਓਇਡ ਨਿਰਭਰਤਾ ਨਾਲ ਪੀੜਤ ਵਿਅਕਤੀਆਂ ਨੂੰ ਵਿਗਿਆਨਕ, ਪ੍ਰਭਾਵਸ਼ਾਲੀ ਅਤੇ ਸੰਪੂਰਨ ਇਲਾਜ, ਮਨੋਵਿਗਿਆਨਕ ਕਾਊਂਸਲਿੰਗ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਹ ਪਹਿਲ ਨਸ਼ਾ-ਮੁਕਤ, ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਰੋਕਥਾਮ, ਇਲਾਜ, ਮੁੜ ਵਸੇਬੇ ਅਤੇ ਸਮਾਜ ਵਿੱਚ ਮੁੜ ਸਥਾਪਨਾ ਨੂੰ ਨਾਲ ਲੈ ਕੇ ਚੱਲਣ ਵਾਲੀ ਸੰਤੁਲਿਤ ਰਣਨੀਤੀ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਇਲਾਜਯੋਗ ਬਿਮਾਰੀ ਹੈ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਹਰ ਵਿਅਕਤੀ ਨੂੰ ਸਮੇਂ ਸਿਰ, ਮਿਆਰੀ, ਹਮਦਰਦੀਪੂਰਨ ਅਤੇ ਸਬੂਤ-ਆਧਾਰਿਤ ਇਲਾਜ ਪ੍ਰਾਪਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਦੀ ਸਥਾਪਨਾ ਪੰਜਾਬ ਸਰਕਾਰ ਦੀ ਇਸ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਹੈ ਕਿ ਕੋਈ ਵੀ ਨਸ਼ਾ ਪੀੜਤ ਵਿਅਕਤੀ ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਮਿਆਰੀ ਇਲਾਜ ਤੋਂ ਵਾਂਝਾ ਨਾ ਰਹੇ।
ਸਿਹਤ ਮੰਤਰੀ ਨੇ ਦੱਸਿਆ ਕਿ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਓਪੀਓਇਡ ਨਿਰਭਰਤਾ ਦੇ ਇਲਾਜ ਲਈ ਵਿਸ਼ਵ ਪੱਧਰ 'ਤੇ ਪ੍ਰਵਾਨਿਤ ਅਤੇ ਵਿਗਿਆਨਕ ਤੌਰ 'ਤੇ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਸਿਫ਼ਾਰਸ਼ਸ਼ੁਦਾ ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾਣ ਵਾਲੀ ਇਸ ਥੈਰੇਪੀ ਵਿੱਚ ਮਰੀਜ਼ਾਂ ਨੂੰ ਡਾਕਟਰੀ ਨਿਗਰਾਨੀ ਹੇਠ ਮੈਥਾਡੋਨ ਦਵਾਈ ਦਿੱਤੀ ਜਾਂਦੀ ਹੈ। ਇਸ ਨਾਲ ਨਸ਼ੇ ਦੀ ਤਲਬ ਅਤੇ ਵਿਡਰਾਲ ਦੇ ਲੱਛਣਾਂ ਵਿੱਚ ਕਾਫ਼ੀ ਕਮੀ ਆਉਂਦੀ ਹੈ, ਦੁਬਾਰਾ ਨਸ਼ੇ ਵੱਲ ਵਾਪਸੀ ਦੀ ਸੰਭਾਵਨਾ ਘਟਦੀ ਹੈ ਅਤੇ ਮਰੀਜ਼ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਮੁੜ ਸਥਿਰ ਹੋ ਕੇ ਆਮ ਪਰਿਵਾਰਕ, ਸਮਾਜਿਕ ਅਤੇ ਪੇਸ਼ੇਵਰ ਜੀਵਨ ਵੱਲ ਵਾਪਸ ਪਰਤ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੇ ਜਨ ਸਿਹਤ ਪੱਖੋਂ ਵੀ ਬਹੁਤ ਮਹੱਤਵਪੂਰਨ ਲਾਭ ਹਨ। ਇਹ ਟੀਕੇ ਰਾਹੀਂ ਨਸ਼ਾ ਕਰਨ ਵਾਲੇ ਵਿਅਕਤੀਆਂ ਵਿੱਚ ਅਸੁਰੱਖਿਅਤ ਸੂਈਆਂ ਦੀ ਵਰਤੋਂ ਨੂੰ ਘਟਾਉਂਦੀ ਹੈ, ਜਿਸ ਨਾਲ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ, ਨਸ਼ਿਆਂ ਨਾਲ ਜੁੜੇ ਅਪਰਾਧਾਂ, ਵਾਰ-ਵਾਰ ਹਸਪਤਾਲ ਦਾਖ਼ਲੇ ਅਤੇ ਪਰਿਵਾਰਾਂ 'ਤੇ ਪੈਣ ਵਾਲੇ ਸਮਾਜਿਕ ਤੇ ਆਰਥਿਕ ਬੋਝ ਨੂੰ ਵੀ ਘਟਾਉਣ ਵਿੱਚ ਸਹਾਇਕ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਬੂਤ-ਆਧਾਰਿਤ ਇਲਾਜ ਸੇਵਾਵਾਂ ਦਾ ਵਿਸਥਾਰ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖ਼ਾਤਮੇ ਲਈ ਬਣਾਈ ਗਈ ਵਿਆਪਕ ਰਣਨੀਤੀ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਵਿਖੇ ਸਥਾਪਿਤ ਇਹ ਕਲੀਨਿਕ ਬਹੁ-ਅਨੁਸ਼ਾਸਨੀ (ਮਲਟੀ-ਡਿਸਿਪਲਿਨਰੀ) ਅਤੇ ਮਰੀਜ਼-ਕੇਂਦਰਿਤ ਸੇਵਾਵਾਂ ਪ੍ਰਦਾਨ ਕਰੇਗਾ। ਇੱਥੇ ਰੋਜ਼ਾਨਾ ਡਾਕਟਰੀ ਨਿਗਰਾਨੀ ਹੇਠ ਮੈਥਾਡੋਨ ਥੈਰੇਪੀ ਦੇ ਨਾਲ-ਨਾਲ ਵਿਸਤ੍ਰਿਤ ਸਿਹਤ ਜਾਂਚ, ਮਨੋਚਿਕਿਤਸਕ ਸਲਾਹ, ਮਨੋਵਿਗਿਆਨਕ ਕਾਊਂਸਲਿੰਗ, ਵਿਹਾਰਕ ਥੈਰੇਪੀ, ਰਿਲੈਪਸ ਰੋਕਥਾਮ, ਪਰਿਵਾਰਕ ਕਾਊਂਸਲਿੰਗ, ਨਿਯਮਤ ਫਾਲੋਅਪ ਅਤੇ ਸਮਾਜ ਵਿੱਚ ਮੁੜ ਸਥਾਪਨਾ ਲਈ ਲੋੜੀਂਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਦਾ ਉਦੇਸ਼ ਸਿਰਫ਼ ਨਸ਼ਾ ਛੁਡਾਉਣਾ ਹੀ ਨਹੀਂ, ਸਗੋਂ ਮਰੀਜ਼ਾਂ ਨੂੰ ਸਨਮਾਨਪੂਰਵਕ ਜੀਵਨ ਜਿਊਣ ਯੋਗ ਬਣਾਉਣਾ ਵੀ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਪੰਜਾਬ ਵਿੱਚ ਨਸ਼ਾ ਛੁਡਾਊ ਸੇਵਾਵਾਂ ਦੇ ਹੋਰ ਵਿਸਥਾਰ ਲਈ ਜ਼ਿਲ੍ਹਾ ਹਸਪਤਾਲ ਜਲੰਧਰ, ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮੋਹਾਲੀ ਅਤੇ ਫਰੀਦਕੋਟ ਵਿਖੇ ਸਥਾਪਿਤ ਪੰਜ ਹੋਰ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਕਲੀਨਿਕਾਂ ਦਾ ਵੀ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਵਿਸ਼ੇਸ਼ ਓਪੀਓਇਡ ਸਬਸਟੀਚਿਊਸ਼ਨ ਥੈਰੇਪੀ ਸੇਵਾਵਾਂ ਦਾ ਦਾਇਰਾ ਹੋਰ ਵਧੇਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਆਪਣੇ ਨੇੜੇ ਹੀ ਵਿਗਿਆਨਕ ਇਲਾਜ, ਕਾਊਂਸਲਿੰਗ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਵਿਸਥਾਰ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਉਦੇਸ਼ਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।
ਸਿਹਤ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਇਸ ਪਹਿਲ ਨੂੰ ਸਫਲ ਬਣਾਉਣ ਵਾਲੇ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਨਵੇਂ ਕਲੀਨਿਕ ਨਸ਼ਾ ਪੀੜਤਾਂ ਲਈ ਪ੍ਰਭਾਵਸ਼ਾਲੀ ਇਲਾਜ ਕੇਂਦਰ ਵਜੋਂ ਉਭਰਨਗੇ ਅਤੇ ਲੋੜਵੰਦਾਂ ਨੂੰ ਉਨ੍ਹਾਂ ਦੇ ਨੇੜੇ ਹੀ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਸਿਹਤ ਮੰਤਰੀ ਨੇ ਕਲੀਨਿਕ ਦਾ ਦੌਰਾ ਕਰਕੇ ਉੱਥੇ ਉਪਲਬਧ ਇਲਾਜ ਅਤੇ ਕਾਊਂਸਲਿੰਗ ਸੇਵਾਵਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਪ੍ਰਭਾਵਿਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਕਿਸੇ ਡਰ ਜਾਂ ਸਮਾਜਿਕ ਕਲੰਕ ਦੀ ਭਾਵਨਾ ਦੇ ਇਲਾਜ ਲਈ ਅੱਗੇ ਲਿਆਉਣ, ਕਿਉਂਕਿ ਸਮੇਂ ਸਿਰ ਇਲਾਜ ਅਤੇ ਲਗਾਤਾਰ ਡਾਕਟਰੀ ਸਹਾਇਤਾ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੰਭਵ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ, ਲੁਧਿਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਵਿੱਚ ਉਪਲਬਧ ਵਿਸ਼ੇਸ਼ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਸ਼ਾ-ਮੁਕਤ, ਤੰਦਰੁਸਤ ਅਤੇ ਤਰੱਕੀਸ਼ੀਲ ਪੰਜਾਬ ਦੇ ਨਿਰਮਾਣ ਵਿੱਚ ਸਰਕਾਰ ਦਾ ਸਾਥ ਦੇਣ। "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਇਸ ਕਲੀਨਿਕ ਦੀ ਸਥਾਪਨਾ ਪੰਜਾਬ ਸਰਕਾਰ ਦੀ ਲੋਕ-ਕੇਂਦਰਿਤ ਸਿਹਤ ਸੇਵਾਵਾਂ ਅਤੇ ਨਸ਼ਾ ਛੁਡਾਊ ਇਲਾਜ ਨੂੰ ਮਜ਼ਬੂਤ ਕਰਨ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਲੁਧਿਆਣਾ (ਪੂਰਬ) ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ, ਡਾ. ਸੰਦੀਪ ਭੋਲਾ, ਨੋਡਲ ਅਫ਼ਸਰ (ਮਾਨਸਿਕ ਸਿਹਤ), ਸ਼ਾਲਿਨ ਮਿੱਤਰਾ, ਓ.ਐੱਸ.ਡੀ. ਟੂ ਮਾਣਯੋਗ ਸਿਹਤ ਮੰਤਰੀ, ਪੰਜਾਬ, ਡਾ. ਰਮਨਦੀਪ ਕੌਰ, ਸਿਵਲ ਸਰਜਨ, ਲੁਧਿਆਣਾ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ, ਮਨੋਚਿਕਿਤਸਕ, ਡਾਕਟਰ, ਸਿਹਤ ਕਰਮਚਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ। ਹਾਜ਼ਰ ਪਤਵੰਤਿਆਂ ਨੇ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਦੀ ਸਥਾਪਨਾ ਦਾ ਸਵਾਗਤ ਕਰਦਿਆਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਉੱਚ ਪੱਧਰੀ, ਸੌਖੀਆਂ ਅਤੇ ਮਿਆਰੀ ਇਲਾਜ ਸੇਵਾਵਾਂ ਉਪਲਬਧ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।
"ਇਲਾਜ ਵੱਲ ਵਧਾਇਆ ਹਰ ਕਦਮ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ। ਨਸ਼ੇ ਤੋਂ ਮੁਕਤ ਹੋਣ ਵਾਲਾ ਹਰ ਵਿਅਕਤੀ ਇੱਕ ਪਰਿਵਾਰ ਨੂੰ ਖੁਸ਼ੀਆਂ, ਸਮਾਜ ਨੂੰ ਤਾਕਤ ਅਤੇ ਪੰਜਾਬ ਨੂੰ ਨਸ਼ਾ-ਮੁਕਤ ਭਵਿੱਖ ਵੱਲ ਲੈ ਜਾਂਦਾ ਹੈ।"
Get all latest content delivered to your email a few times a month.