ਤਾਜਾ ਖਬਰਾਂ
ਕਥਿਤ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਅਹਿਮ ਸਬੂਤ ਪੇਸ਼ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਮਨਘੜਤ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਵੀਡੀਓ ਦੇ ਵੱਖ-ਵੱਖ ਹਿੱਸੇ ਅਤੇ ਐਂਗਲ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਇਸ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ, ਜਿਸ ਕਾਰਨ ਉਸ ਦੀ ਪਹਿਚਾਣ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਲੇ ‘ਤੇ ਹੋਏ ਆਪ੍ਰੇਸ਼ਨ ਦਾ ਨਿਸ਼ਾਨ ਸਪੱਸ਼ਟ ਤੌਰ ‘ਤੇ ਮੌਜੂਦ ਹੈ, ਜਦਕਿ ਵਾਇਰਲ ਵੀਡੀਓ ਵਿੱਚ ਅਜਿਹਾ ਕੋਈ ਨਿਸ਼ਾਨ ਨਹੀਂ ਦਿਖਾਈ ਦਿੰਦਾ। ਉਨ੍ਹਾਂ ਦੇ ਅਨੁਸਾਰ ਇਹ ਤੱਥ ਵੀ ਸਾਬਤ ਕਰਦਾ ਹੈ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਉਹ ਨਹੀਂ ਹਨ।
ਸੀਐਮ ਮਾਨ ਨੇ ਇਸ ਮਾਮਲੇ ਵਿੱਚ ਜਗਮਨ ਸਮਰਾ ਦਾ ਨਾਮ ਵੀ ਲਿਆ ਅਤੇ ਇੱਕ ਹੋਰ ਵੀਡੀਓ ਦਿਖਾਈ, ਜਿਸ ਵਿੱਚ ਜਗਮਨ ਸਮਰਾ ਦੇ ਹੱਥ ਵਿੱਚ ਇੱਕ ਮਾਸਕ ਨਜ਼ਰ ਆ ਰਿਹਾ ਹੈ। ਮਾਨ ਨੇ ਦਾਅਵਾ ਕੀਤਾ ਕਿ ਇਹ ਉਹੀ ਮਾਸਕ ਹੈ ਜੋ ਕਥਿਤ ਵਾਇਰਲ ਵੀਡੀਓ ਵਿੱਚ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਸਕ ਦੀ ਡਿਲੀਵਰੀ ਲੈਣ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਸੀ, ਜਿਸ ਤੋਂ ਸਾਰੀ ਸਾਜ਼ਿਸ਼ ਦੇ ਸੂਤਰ ਜੁੜਦੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਵੀ ਤਿੱਖਾ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਰਾਜਨੀਤਿਕ ਲਾਭ ਹਾਸਲ ਕਰਨ ਲਈ ਉਨ੍ਹਾਂ ਦੀ ਝੂਠੀ ਵੀਡੀਓ ਤਿਆਰ ਕਰਕੇ ਫੈਲਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਝ ਧਾਰਮਿਕ ਅਹੁਦਿਆਂ ‘ਤੇ ਬੈਠੇ ਲੋਕਾਂ ਤੋਂ ਵੀ ਸਿਆਸੀ ਮਕਸਦਾਂ ਲਈ ਬਿਆਨ ਜਾਰੀ ਕਰਵਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
ਸੀਐਮ ਮਾਨ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ, ਪਾਲਕੀ ਸਾਹਿਬ ‘ਤੇ ਲੱਗਣ ਵਾਲੇ ਟੈਕਸ ਦੀ ਮੁਆਫ਼ੀ, ਤਿੰਨ ਪਵਿੱਤਰ ਸ਼ਹਿਰਾਂ ਨੂੰ ਵਿਸ਼ੇਸ਼ ਦਰਜਾ ਦੇਣਾ ਅਤੇ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਕਰਵਾਉਣਾ ਉਨ੍ਹਾਂ ਦੀ ਸਰਕਾਰ ਦੇ ਵੱਡੇ ਫ਼ੈਸਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਮੁਕਾਬਲਾ ਨਾ ਕਰ ਸਕਣ ਕਾਰਨ ਅਜਿਹੀਆਂ ਸਾਜ਼ਿਸ਼ਾਂ ਦਾ ਸਹਾਰਾ ਲੈ ਰਹੀਆਂ ਹਨ।
Get all latest content delivered to your email a few times a month.