ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਜ਼ਿਲ੍ਹੇ ਦੇ ਵਿਸ਼ੇਸ਼ ਦੌਰੇ 'ਤੇ ਰਹਿਣਗੇ, ਜਿੱਥੇ ਉਹ ਇਲਾਕਾ ਨਿਵਾਸੀਆਂ ਨੂੰ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣ ਜਾ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਹਲਕਾ ਧੂਰੀ ਵਿਖੇ ਰੇਲਵੇ ਓਵਰਬ੍ਰਿਜ (ROB) ਦਾ ਨੀਂਹ ਪੱਥਰ ਰੱਖਣਗੇ, ਜੋ ਸਥਾਨਕ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਇਸ ਤੋਂ ਇਲਾਵਾ, ਖੇਡਾਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਕਾਹੇਰੂ ਵਿਖੇ ਇੱਕ ਅਤਿ-ਆਧੁਨਿਕ ਸਪੋਰਟਸ ਸਟੇਡੀਅਮ ਦੀ ਆਧਾਰਸ਼ਿਲਾ ਵੀ ਮੁੱਖ ਮੰਤਰੀ ਵੱਲੋਂ ਰੱਖੀ ਜਾਵੇਗੀ।
ਆਪਣੇ ਇਸ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸੰਗਰੂਰ ਵਿਖੇ ਆਯੋਜਿਤ 'ਸਰਪੰਚ ਮਿਲਣੀ' ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ, ਜਿੱਥੇ ਉਹ ਨਵ-ਨਿਯੁਕਤ ਸਰਪੰਚਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਗੇ। ਸੰਗਰੂਰ ਦੇ ਪ੍ਰੋਗਰਾਮਾਂ ਨੂੰ ਮੁਕੰਮਲ ਕਰਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ 6:00 ਵਜੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਵਿਖੇ ਪਹੁੰਚਣਗੇ, ਜਿੱਥੇ ਉਹ 'ਲੋਕ ਮਿਲਣੀ' ਤਹਿਤ ਆਮ ਜਨਤਾ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਮੌਕੇ 'ਤੇ ਹੀ ਨਿਪਟਾਰਾ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬਠਿੰਡਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਪੰਚਾਂ ਲਈ ਇੱਕ ਇਤਿਹਾਸਕ ਐਲਾਨ ਕੀਤਾ ਸੀ। ਮੁੱਖ ਮੰਤਰੀ ਵੱਲੋਂ ਕੀਤੇ ਗਏ ਇਸ ਫੈਸਲੇ ਮੁਤਾਬਕ 15 ਅਗਸਤ ਤੋਂ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਮਿਲਣ ਵਾਲਾ ਮਾਸਿਕ ਮਾਨਭੱਤਾ (ਮਾਨਦੇਅ) ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ। ਅੱਜ ਸੰਗਰੂਰ ਦੀ ਸਰਪੰਚ ਮਿਲਣੀ ਦੌਰਾਨ ਵੀ ਇਸੇ ਫੈਸਲੇ ਦੇ ਮੱਦੇਨਜ਼ਰ ਸਰਪੰਚਾਂ ਨਾਲ ਅਗਲੀ ਰੂਪ-ਰੇਖਾ ਸਾਂਝੀ ਕੀਤੀ ਜਾਵੇਗੀ।
Get all latest content delivered to your email a few times a month.