ਤਾਜਾ ਖਬਰਾਂ
ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਕਾਉਕੇ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਨੇ ਪੂਰੇ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ ਹੈ। ਮਾਮਲਾ ਸਿਰਫ਼ ਇੱਕ ਮੌਤ ਦਾ ਨਹੀਂ, ਬਲਕਿ ਇੱਕ ਮਾਂ ਵੱਲੋਂ ਆਪਣੇ ਹੀ ਪਰਿਵਾਰ 'ਤੇ ਲਗਾਏ ਗਏ ਕਤਲ ਦੇ ਗੰਭੀਰ ਦੋਸ਼ਾਂ ਦਾ ਹੈ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਜ਼ਮੀਨੀ ਜਾਇਦਾਦ ਨੂੰ ਹੜੱਪਣ ਦੀ ਨੀਅਤ ਨਾਲ ਉਸ ਦੇ ਪੁੱਤਰ ਦੀ ਜਾਨ ਲਈ ਗਈ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪਰਿਵਾਰਕ ਮੈਂਬਰਾਂ ਦੀ ਗ਼ੈਰ-ਹਾਜ਼ਰੀ ਵਿੱਚ ਬੇਹੱਦ ਜਲਦਬਾਜ਼ੀ ਵਿੱਚ ਨੌਜਵਾਨ ਦੀ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ, ਜਿਸ ਨਾਲ ਮਾਮਲੇ ਦੀ ਸੁਲਘਦੀ ਅੱਗ ਹੋਰ ਭੜਕ ਗਈ ਹੈ।
ਪੀੜਤ ਮਾਂ ਪ੍ਰਭਜੋਤ ਕੌਰ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਸ ਦਾ ਪੁੱਤਰ ਕੁਝ ਵਿੱਤੀ ਮਦਦ ਦੀ ਉਮੀਦ ਲੈ ਕੇ ਆਪਣੇ ਚਾਚੇ ਦੇ ਘਰ ਗਿਆ ਸੀ। ਪਰ ਉੱਥੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਂ ਦਾ ਦਾਅਵਾ ਹੈ ਕਿ ਇਸ ਵਾਰਦਾਤ ਨੂੰ ਖ਼ੁਦਕੁਸ਼ੀ ਦਿਖਾਉਣ ਲਈ ਲਾਸ਼ ਨੂੰ ਫੰਦੇ ਨਾਲ ਲਟਕਾਇਆ ਗਿਆ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਇਹ ਆਤਮਹੱਤਿਆ ਸੀ, ਤਾਂ ਪੇਕੇ ਗਈ ਮਾਂ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਾਮ ਵੇਲੇ ਚੋਰ-ਮੋਰੀਓਂ ਸੰਸਕਾਰ ਕਿਉਂ ਕੀਤਾ ਗਿਆ? ਉਨ੍ਹਾਂ ਮੁਤਾਬਕ ਇਹ ਸਭ ਸਬੂਤਾਂ ਨੂੰ ਖ਼ਤਮ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।
ਪ੍ਰਭਜੋਤ ਕੌਰ ਨੇ ਅਤੀਤ ਦੇ ਪੰਨੇ ਫਰੋਲਦਿਆਂ ਦੱਸਿਆ ਕਿ 30 ਅਪ੍ਰੈਲ 2025 ਨੂੰ ਉਸ ਦੇ ਪਤੀ ਦੀ ਵੀ ਇਨ੍ਹਾਂ ਹੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ, ਜਿਸ ਦਾ ਇਨਸਾਫ਼ ਉਸ ਨੂੰ ਅੱਜ ਤੱਕ ਨਹੀਂ ਮਿਲਿਆ। ਹੁਣ ਇਕਲੌਤੇ ਪੁੱਤਰ ਦੀ ਮੌਤ ਨੇ ਉਸ ਦੀ ਦੁਨੀਆ ਉਜਾੜ ਦਿੱਤੀ ਹੈ। ਭਾਵੁਕ ਹੋਈ ਮਾਂ ਨੇ ਕਿਹਾ, "ਮੈਨੂੰ ਕੋਈ ਜ਼ਮੀਨ ਜਾਂ ਦੌਲਤ ਨਹੀਂ ਚਾਹੀਦੀ, ਮੇਰੀ ਕੋਈ ਰੀਝ ਨਹੀਂ ਬਚੀ। ਮੈਂ ਸਿਰਫ਼ ਆਪਣੇ ਬੱਚੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹਾਂ।"
ਇਸ ਮਾਮਲੇ ਵਿੱਚ ਪੀੜਤ ਧਿਰ ਦੇ ਹੱਕ ਵਿੱਚ ਨਿੱਤਰਦਿਆਂ ਵਾਲਮੀਕੀ ਆਸ਼ਰਮ ਦੇ ਚੇਅਰਮੈਨ ਮਨੋਜ ਸਿੰਘ ਭੱਟੀ ਨੇ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
"ਪੁਲਿਸ ਇਸ ਸੰਗੀਨ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਬਜਾਏ ਸ਼ੁਰੂਆਤ ਤੋਂ ਹੀ ਇਸ ਨੂੰ ਖ਼ੁਦਕੁਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਂ ਦੇ ਬਿਆਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਜੇਕਰ ਪੁਲਿਸ ਨੇ ਨਿਰਪੱਖਤਾ ਨਾਲ ਕਤਲ ਦਾ ਮੁਕੱਦਮਾ ਦਰਜ ਨਾ ਕੀਤਾ, ਤਾਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਿਆ ਜਾਵੇਗਾ।"
ਜਦੋਂ ਇਸ ਸਬੰਧੀ ਥਾਣੇ ਦੇ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ। ਅਧਿਕਾਰੀਆਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਪਾਲੇ ਵਿੱਚ ਸੁੱਟ ਦਿੱਤਾ। ਪੁਲਿਸ ਦੀ ਇਸ ਚੁੱਪ ਅਤੇ ਜਲਦਬਾਜ਼ੀ ਵਿੱਚ ਕੀਤੇ ਗਏ ਸੰਸਕਾਰ ਕਾਰਨ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਗਰਮ ਹਨ। ਹੁਣ ਦੇਖਣਾ ਹੋਵੇਗਾ ਕਿ ਹਾਈਕਮਾਂਡ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੰਦੀ ਹੈ ਜਾਂ ਪੀੜਤ ਪਰਿਵਾਰ ਦੀ ਆਵਾਜ਼ ਦਬਾ ਦਿੱਤੀ ਜਾਵੇਗੀ।
Get all latest content delivered to your email a few times a month.