ਤਾਜਾ ਖਬਰਾਂ
ਪੰਜਾਬ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ, ਕਿਉਂਕਿ ਬਠਿੰਡਾ ਸਥਿਤ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਬਿਜਲੀ ਉਤਪਾਦਨ ਯੂਨਿਟ ਬੰਦ ਹੋ ਗਏ ਹਨ। ਇਸ ਕਾਰਨ ਸੂਬੇ ਨੂੰ ਹਰ ਰੋਜ਼ ਲਗਭਗ 900 ਮੈਗਾਵਾਟ ਬਿਜਲੀ ਦੇ ਉਤਪਾਦਨ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪਲਾਂਟ ਵਿੱਚ ਕੰਮ ਕਰ ਰਹੇ ਕਰਮਚਾਰੀ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪਿਛਲੇ 11 ਦਿਨਾਂ ਤੋਂ ਹੜਤਾਲ 'ਤੇ ਹਨ, ਜਿਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ 'ਤੇ ਪਿਆ ਹੈ।
ਹੜਤਾਲੀ ਕਰਮਚਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਠੇਕੇ ਦੇ ਅਧਾਰ 'ਤੇ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਉਸ ਸਬੰਧੀ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਕਰਮਚਾਰੀਆਂ ਨੇ ਕਿਹਾ ਕਿ ਉਹ ਕਰੀਬ ਤਿੰਨ ਦਹਾਕਿਆਂ ਤੋਂ ਪਲਾਂਟ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ।
ਉੱਧਰ, ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਨੇ ਦੱਸਿਆ ਕਿ ਕਰਮਚਾਰੀਆਂ ਦੀ ਘਾਟ ਕਾਰਨ ਪਲਾਂਟ ਵਿੱਚ ਰਾਖ (ਫਲਾਈ ਐਸ਼) ਦੀ ਨਿਕਾਸੀ ਦਾ ਕੰਮ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਰਾਖ ਵੱਡੀ ਮਾਤਰਾ ਵਿੱਚ ਇਕੱਠੀ ਹੋ ਗਈ। ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧਨ ਨੇ ਚਾਰਾਂ ਯੂਨਿਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਜਦੋਂ ਹਾਲਾਤ ਆਮ ਹੋਣਗੇ ਅਤੇ ਲੋੜੀਂਦਾ ਸਟਾਫ਼ ਮੁੜ ਕੰਮ 'ਤੇ ਵਾਪਸ ਆਵੇਗਾ, ਤਦ ਹੀ ਬਿਜਲੀ ਉਤਪਾਦਨ ਦੁਬਾਰਾ ਸ਼ੁਰੂ ਕੀਤਾ ਜਾ ਸਕੇਗਾ।
ਗਰਮੀ ਦੇ ਮੌਸਮ ਵਿੱਚ ਜਦੋਂ ਸੂਬੇ ਵਿੱਚ ਬਿਜਲੀ ਦੀ ਮੰਗ ਪਹਿਲਾਂ ਹੀ ਕਾਫ਼ੀ ਵੱਧ ਰਹੀ ਹੈ, ਅਜਿਹੇ ਸਮੇਂ ਪਲਾਂਟ ਦੇ ਬੰਦ ਹੋਣ ਨਾਲ ਬਿਜਲੀ ਪ੍ਰਬੰਧਨ ਲਈ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ। ਹੁਣ ਸਰਕਾਰ ਅਤੇ ਹੜਤਾਲੀ ਕਰਮਚਾਰੀਆਂ ਦਰਮਿਆਨ ਸੰਭਾਵਿਤ ਗੱਲਬਾਤ ਤੋਂ ਹੀ ਇਸ ਸੰਕਟ ਦੇ ਹੱਲ ਦੀ ਉਮੀਦ ਜਤਾਈ ਜਾ ਰਹੀ ਹੈ।
Get all latest content delivered to your email a few times a month.