IMG-LOGO
ਹੋਮ ਪੰਜਾਬ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫੈਮਿਲੀ...

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫੈਮਿਲੀ ਕਾਉਂਸਲਿੰਗ ਰਾਹੀਂ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਮੁੜ ਸੰਵਾਰਨ ਵਿੱਚ ਮਿਲ ਰਹੀ ਹੈ...

Admin User - Jun 21, 2026 01:02 PM
IMG

ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਸਥਿਤ ਨਸ਼ਾ ਮੁਕਤੀ ਅਤੇ ਰਿਹੈਬਿਲਿਟੇਸ਼ਨ ਕੇਂਦਰਾਂ ਵਿੱਚ ਫੈਮਿਲੀ ਕਾਉਂਸਲਿੰਗ ਹੁਣ ਰਿਕਵਰੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ।

ਕਾਉਂਸਲਰਾਂ ਦੇ ਅਨੁਸਾਰ, ਰਿਕਵਰੀ ਕਰ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਮਾਤਾ-ਪਿਤਾ, ਜੀਵਨ ਸਾਥੀ ਅਤੇ ਬੱਚਿਆਂ ਦੀ ਭਾਗੀਦਾਰੀ ਵਧੀ ਹੈ।


ਮਾਰਚ 2025 ਤੋਂ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਈ, ਉਦੋਂ ਤੋਂ ਹਜ਼ਾਰਾਂ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਜ਼ਿੰਦਗੀ ਮੁੜ ਸੰਵਾਰਨ ਲਈ ਕਾਉਂਸਲਿੰਗ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ।


ਨਸ਼ੇ ਦੀ ਸਮੱਸਿਆ ਸਿਰਫ਼ ਮਰੀਜ਼ ਦੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਹੁੰਦੀ ਹੈ, ਇਸ ਲਈ ਪਰਿਵਾਰ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਕਾਉਂਸਲਿੰਗ ਨਾਲ ਪਰਿਵਾਰ ਨਸ਼ੇ ਦੀ ਪ੍ਰਕਿਰਤੀ ਨੂੰ ਸਮਝਦੇ ਹਨ ਅਤੇ ਮਰੀਜ਼ ਨੂੰ ਨਸ਼ਾ ਮੁਕਤ ਰਹਿਣ ਵਿੱਚ ਸਹਿਯੋਗ ਦਿੰਦੇ ਹਨ।


ਰੂਪਨਗਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਅਧੀਨ ਇੱਕ ਮਰੀਜ਼ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ। ਉਸ ਨੇ ਕਿਹਾ ਕਿ ਪਰਿਵਾਰ ਦਾ ਸਹਿਯੋਗ ਉਸ ਦੀ ਰਿਕਵਰੀ ਵਿੱਚ ਸਭ ਤੋਂ ਅਹਿਮ ਰਿਹਾ।


ਉਸ ਨੇ ਕਿਹਾ, “ਮੈਂ ਕਈ ਸਾਲਾਂ ਤੋਂ ਸ਼ਰਾਬ ਪੀਂਦਾ ਸੀ। ਮੇਰੀ ਸਿਹਤ ਬਹੁਤ ਖਰਾਬ ਹੋ ਗਈ ਸੀ, ਪਰ ਇੱਥੇ ਆ ਕੇ ਮੈਨੂੰ ਬਹੁਤ ਫਾਇਦਾ ਹੋਇਆ ਹੈ। ਮੇਰੇ ਅੰਦਰ ਕਾਫ਼ੀ ਸੁਧਾਰ ਆਇਆ ਹੈ। ਮੇਰੇ ਪਰਿਵਾਰ ਨੇ ਵੀ ਬਹੁਤ ਸਾਥ ਦਿੱਤਾ ਹੈ। ਮੇਰਾ ਸੁਨੇਹਾ ਹੈ ਕਿ ਅਜਿਹੇ ਲੋਕਾਂ ਨਾਲ ਪਿਆਰ ਅਤੇ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।”


ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ (ਨਾਂ ਨਾ ਦੱਸਣ ਦੀ ਸ਼ਰਤ ’ਤੇ) ਕਿਹਾ ਕਿ ਕਾਉਂਸਲਿੰਗ ਨਾਲ ਉਨ੍ਹਾਂ ਨੂੰ ਇਹ ਸਮਝ ਆਈ ਕਿ ਨਸ਼ੇ ਦੀ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ। ਉਸਨੇ ਅੱਗੇ ਦੱਸਿਆ, “ਪਹਿਲਾਂ ਉਹ ਬਹੁਤ ਜ਼ਿਆਦਾ ਉਤੇਜਿਤ ਹੋ ਜਾਂਦਾ ਸੀ ਅਤੇ ਬੇਵਜ੍ਹਾ ਪੈਸੇ ਖ਼ਰਚ ਕਰਦਾ ਸੀ। ਉਹ ਅਕਸਰ ਨਸ਼ੇ ਦੀ ਹਾਲਤ ਵਿੱਚ ਘਰ ਆਉਂਦਾ ਸੀ। ਅਸੀਂ ਉਸ ਦੇ ਜੁੱਤੇ ਉਤਾਰ ਕੇ ਉਸ ਨੂੰ ਬਿਸਤਰੇ ’ਤੇ ਸੁਲਾ ਦਿੰਦੇ ਸੀ। ਮੈਡੀਕਲ ਇਲਾਜ ਤੋਂ ਬਾਅਦ ਉਸ ਵਿੱਚ ਕਾਫ਼ੀ ਸੁਧਾਰ ਆਇਆ ਹੈ। ਹੁਣ ਉਹ ਸਵੇਰੇ ਜਲਦੀ ਉੱਠਦਾ ਹੈ, ਵਰਜ਼ਿਸ਼ ਕਰਦਾ ਹੈ, ਨਹਾਉਂਦਾ ਹੈ ਅਤੇ ਨਾਸ਼ਤਾ ਕਰਦਾ ਹੈ। ਹਾਲਾਂਕਿ ਉਹ ਕਦੇ-ਕਦੇ ਅਜੇ ਵੀ ਥੋੜ੍ਹਾ ਉਤੇਜਿਤ ਹੋ ਜਾਂਦਾ ਹੈ, ਪਰ ਪਹਿਲਾਂ ਨਾਲੋਂ ਬਿਹਤਰ ਹੈ।”


ਰੂਪਨਗਰ ਸਥਿਤ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ਦੀ ਫੈਮਿਲੀ ਕਾਉਂਸਲਰ ਸੁਮੇਧਾ ਨੇ ਕਿਹਾ ਕਿ ਜਦੋਂ ਮਰੀਜ਼ ਘਰ ਵਾਪਸ ਆਉਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਕਿਹਾ, “ਪੁਨਰ ਨਸ਼ੇ ਵੱਲ ਜਾਣ ਤੋਂ ਰੋਕਣ ਵਿੱਚ ਪਰਿਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜਦੋਂ ਮਰੀਜ਼ ਘਰ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਦੇ ਨਾਲ ਡਾਕਟਰ ਜਾਂ ਕਾਉਂਸਲਰ ਨਹੀਂ ਹੁੰਦੇ। ਇਸ ਲਈ ਪਰਿਵਾਰ ਦੇ ਮੈਂਬਰ ਹੀ ਉਨ੍ਹਾਂ ਦੇ ਕਾਉਂਸਲਰ ਬਣ ਜਾਂਦੇ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਉਹਨਾਂ ਨੂੰ ਮਰੀਜ਼ ਵਿੱਚ ਹੋਣ ਵਾਲੇ ਕਿਸੇ ਵੀ ਬਦਲਾਅ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ।”


ਜਲੰਧਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਰਾਣੀ, ਜਿਨ੍ਹਾਂ ਦਾ ਪੁੱਤਰ ਚਿੱਟੇ ਦੀ ਲਤ ਦਾ ਇਲਾਜ ਕਰਵਾ ਰਿਹਾ ਹੈ, ਨੇ ਦੱਸਿਆ ਕਿ ਪੇਸ਼ੇਵਰ ਮਦਦ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ, “ਉਹ ਮੈਨੂੰ ਕਹਿੰਦਾ ਸੀ ਕਿ ਮੈਂ ਰਿਸ਼ਤੇਦਾਰਾਂ ਜਾਂ ਗੁਆਂਢੀਆਂ ਦੇ ਘਰ ਜਾਵਾਂ, ਅਤੇ ਫਿਰ ਉਹ ਆਪਣੇ ਦੋਸਤਾਂ ਨਾਲ ਘਰ ਦੇ ਦਰਵਾਜ਼ੇ ਬੰਦ ਕਰ ਲੈਂਦਾ ਸੀ। ਤਦ ਮੈਨੂੰ ਸ਼ੱਕ ਹੋਇਆ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਪੈਸੇ ਚੋਰੀ ਕਰਦਾ ਸੀ ਅਤੇ ਮੇਰੀ ਧੀ ਤੇ ਜਮਾਈ ਤੋਂ ਪੈਸੇ ਮੰਗਦਾ ਸੀ ਅਤੇ ਉਹ ਉਸ ਨੂੰ ਦੇ ਦਿੰਦੇ ਸਨ। ਪਰ ਜਦੋਂ ਤੋਂ ਅਸੀਂ ਇੱਥੇ ਆਏ ਹਾਂ, ਮੈਂ ਉਸ ਵਿੱਚ ਸਪੱਸ਼ਟ ਸੁਧਾਰ ਦੇਖਿਆ ਹੈ।”


ਕਾਉਂਸਲਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਮਦਦ ਦੇ ਨਾਲ-ਨਾਲ ਕਾਉਂਸਲਿੰਗ ਪਰਿਵਾਰਾਂ ਨੂੰ ਨਸ਼ੇ ਨਾਲ ਜੁੜੀ ਸਮਾਜਿਕ ਬਦਨਾਮੀ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦੀ ਹੈ। ਜਲੰਧਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਦੀ ਕਾਉਂਸਲਰ ਹਰਸ਼ਾ ਨੇ ਕਿਹਾ, “ਕਈ ਪਰਿਵਾਰ ਸ਼ੁਰੂ ਵਿੱਚ ਇਲਾਜ ਨਾਲੋਂ ਵੱਧ ਸਮਾਜਿਕ ਸੋਚ ਦੀ ਚਿੰਤਾ ਕਰਦੇ ਹਨ। ਉਹ ਬਦਨਾਮੀ ਤੋਂ ਜ਼ਿਆਦਾ ਡਰਦੇ ਹਨ। ਪਰਿਵਾਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਸ਼ਾ ਕੀ ਹੈ। ਉਹ ਇਸ ਨੂੰ ਬੀਮਾਰੀ ਨਹੀਂ ਮੰਨਦੇ। ਕਾਉਂਸਲਿੰਗ ਇਲਾਜ ਵਿੱਚ ਬਹੁਤ ਮਦਦ ਕਰਦੀ ਹੈ।”


ਕਪੂਰਥਲਾ ਨਸ਼ਾ ਮੁਕਤੀ ਕੇਂਦਰ ਦੇ ਕਾਉਂਸਲਰ ਡਾ. ਰਾਕੇਸ਼ ਸ਼ਰਮਾ ਨੇ ਕਿਹਾ, “ਅਸੀਂ ਪਰਿਵਾਰਾਂ ਨੂੰ ਦੱਸਦੇ ਹਾਂ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਇੱਕ ਵਾਰ ਵਿੱਚ ਹੋਣ ਵਾਲਾ ਹੱਲ ਨਹੀਂ ਹੈ। ਇਸ ਵਿੱਚ ਦੁਬਾਰਾ ਨਸ਼ੇ ਵੱਲ ਜਾਣ (ਰਿਲੈਪਸ) ਦੀ ਸੰਭਾਵਨਾ ਹੋ ਸਕਦੀ ਹੈ ਅਤੇ ਇਹ ਰਿਕਵਰੀ ਦਾ ਹਿੱਸਾ ਹੈ। ਨਾਲ ਹੀ ਪਰਿਵਾਰਾਂ ਨੂੰ ਹੱਦਾਂ ਤੈਅ ਕਰਣੀਆਂ ਚਾਹੀਦੀਆਂ ਹਨ, ਪਰ ਹੌਲੀ ਅਤੇ ਸ਼ਾਂਤ ਤਰੀਕੇ ਨਾਲ, ਅਤੇ ਗੁੱਸਾ ਨਹੀਂ ਦਿਖਾਉਣਾ ਚਾਹੀਦਾ।”


ਹੌਲੀ-ਹੌਲੀ, ਪਰਿਵਾਰ ਹੁਣ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਸਰਗਰਮੀ ਨਾਲ ਮਦਦ ਮੰਗ ਰਹੇ ਹਨ ਅਤੇ ਇਲਾਜ ਦੀ ਪ੍ਰਕਿਰਿਆ ਵਿੱਚ ਭਾਗੀਦਾਰ ਬਣ ਰਹੇ ਹਨ।


ਰਿਹੈਬਿਲਿਟੇਸ਼ਨ ਪ੍ਰੋਗਰਾਮਾਂ ਨਾਲ ਜੁੜੇ ਕਾਉਂਸਲਰਾਂ ਦਾ ਕਹਿਣਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਪਰਿਵਾਰਾਂ ਦੀ ਸਰਗਰਮ ਭਾਗੀਦਾਰੀ ਵਧੀ ਹੈ। ਹੁਣ ਜੀਵਨ ਸਾਥੀ, ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਕਾਉਂਸਲਿੰਗ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ, ਨਸ਼ੇ ਦੀ ਸਮੱਸਿਆ ਨੂੰ ਸਮਝ ਰਹੇ ਹਨ ਅਤੇ ਬਿਨਾਂ ਦੋਸ਼ ਲਗਾਏ ਆਪਣੇ ਪਿਆਰਿਆਂ ਦਾ ਸਹਾਰਾ ਬਣਨ ਦੇ ਤਰੀਕੇ ਸਿੱਖ ਰਹੇ ਹਨ।


ਹਾਲਾਂਕਿ ਰਿਹੈਬਿਲਿਟੇਸ਼ਨ ਅਤੇ ਮੈਡੀਕਲ ਇਲਾਜ ਦੋਵੇਂ ਹੀ ਜ਼ਰੂਰੀ ਹਨ, ਪਰ ਇੱਕ ਸਹਿਯੋਗੀ ਅਤੇ ਸਥਿਰ ਪਰਿਵਾਰਕ ਵਾਤਾਵਰਨ ਨਾਲ ਰਿਕਵਰੀ ਹੋਰ ਮਜ਼ਬੂਤ ਹੁੰਦੀ ਹੈ। ਪਰਿਵਾਰ ਦਾ ਸਹਿਯੋਗ ਵਿਅਕਤੀ ਨੂੰ ਨਸ਼ਾ-ਮੁਕਤ ਰਹਿਣ ਅਤੇ ਇੱਕ ਸਿਹਤਮੰਦ ਤੇ ਚੰਗੀ ਜ਼ਿੰਦਗੀ ਜੀਣ ਦੀ ਸੰਭਾਵਨਾ ਨੂੰ ਕਾਫ਼ੀ ਵਧਾ ਦਿੰਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.