IMG-LOGO
ਹੋਮ ਪੰਜਾਬ, ਰਾਸ਼ਟਰੀ, ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ 'ਤੇ ਫਾਇਰਿੰਗ ਮਾਮਲੇ 'ਚ...

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ 'ਤੇ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਲਾਰੈਂਸ ਗੈਂਗ ਨਾਲ ਜੁੜੇ 2 ਸ਼ੂਟਰ ਕਾਬੂ

Admin User - Jun 17, 2026 08:46 PM
IMG

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਪੱਛਮੀ ਵਿਹਾਰ ਸਥਿਤ ਫਿਟਨੈਸ ਜਿਮ ’ਤੇ ਹੋਈ ਫਾਇਰਿੰਗ ਦੀ ਘਟਨਾ ਨੂੰ ਸੁਲਝਾਉਂਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਮਾਨ ਅਤੇ ਤੁਸ਼ਾਰ ਉਰਫ਼ ਤਾਸ਼ੂ/ਪਿੰਕੂ ਵਜੋਂ ਕੀਤੀ ਗਈ ਹੈ। ਦੋਵਾਂ ਨੂੰ ਹਰਿਆਣਾ ਦੇ ਬਹਾਦਰਗੜ੍ਹ ਇਲਾਕੇ ਤੋਂ ਕਾਬੂ ਕੀਤਾ ਗਿਆ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਸਹਿਯੋਗੀ ਅਨਿਲ ਪੰਡਿਤ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਪੁਲਿਸ ਮੁਤਾਬਕ ਅਨਿਲ ਪੰਡਿਤ ਇਸ ਸਮੇਂ ਅਮਰੀਕਾ ਵਿੱਚ ਰਹਿ ਕੇ ਗੈਂਗ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਿਹਾ ਹੈ ਅਤੇ ਵੱਖ-ਵੱਖ ਅਪਰਾਧਿਕ ਵਾਰਦਾਤਾਂ ਦੀ ਯੋਜਨਾ ਬਣਾਉਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ 11 ਜੂਨ ਨੂੰ ਤੜਕੇ ਕਰੀਬ 4 ਵਜੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੁਰੂ ਰੰਧਾਵਾ ਦੇ ਜਿਮ ਦੇ ਬਾਹਰ ਪਹੁੰਚ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਾਲਾਂਕਿ ਇਸ ਫਾਇਰਿੰਗ ਦੌਰਾਨ ਕੋਈ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਘਟਨਾ ਨਹੀਂ ਵਾਪਰੀ, ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਘਟਨਾ ਸਥਾਨ ਦੀ ਜਾਂਚ ਦੌਰਾਨ ਪੁਲਿਸ ਨੂੰ ਸੱਤ ਖਾਲੀ ਕਾਰਤੂਸ ਦੇ ਖੋਲ ਬਰਾਮਦ ਹੋਏ ਸਨ।

ਫਾਇਰਿੰਗ ਤੋਂ ਕੁਝ ਸਮੇਂ ਬਾਅਦ ਅਨਿਲ ਪੰਡਿਤ ਦੇ ਨਾਮ ਨਾਲ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਤਕਨੀਕੀ ਸਬੂਤਾਂ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਅਤੇ ਆਖ਼ਰਕਾਰ ਦੋਵੇਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਗੈਂਗ ਦੇ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.