ਤਾਜਾ ਖਬਰਾਂ
ਪਾਕਿਸਤਾਨ ਦੇ ਲਹਿੰਦੇ ਪੰਜਾਬ ਸੂਬੇ ਤੋਂ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਦੀ ਇੱਕ ਵੱਡੀ ਲਾਪਰਵਾਹੀ ਕਾਰਨ 9 ਸਾਲਾਂ ਦੀ ਮਾਸੂਮ ਆਸਟ੍ਰੇਲੀਆਈ ਬੱਚੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਖ਼ੂਨੀ ਝੜਪ ਵਿੱਚ ਬੱਚੀ ਦੇ ਪਿਤਾ ਅਤੇ ਭਰਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਗ਼ਲਤਫ਼ਹਿਮੀ ਦੇ ਚਲਦਿਆਂ ਪੀੜਤ ਪਰਿਵਾਰ ਦੀ ਕਿਰਾਏ ਦੀ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਲਿਆ ਅਤੇ ਉਸ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਦੁਖਾਂਤ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
ਮ੍ਰਿਤਕ ਬੱਚੀ ਦੀ ਪਛਾਣ ਹਨੀਆ ਅਹਿਮਦ ਵਜੋਂ ਹੋਈ ਹੈ, ਜੋ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਆਸਟ੍ਰੇਲੀਆ ਦੇ ਪਰਥ (ਕੇਵਡੇਲ ਇਲਾਕੇ) ਤੋਂ ਪਾਕਿਸਤਾਨ ਦੇ ਚੱਕਵਾਲ ਜ਼ਿਲ੍ਹੇ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ। ਇਹ ਖ਼ੌਫ਼ਨਾਕ ਭਾਣਾ 10 ਜੂਨ ਦੀ ਰਾਤ ਨੂੰ ਉਸ ਵੇਲੇ ਵਾਪਰਿਆ ਜਦੋਂ ਇਹ ਪਰਿਵਾਰ ਇੱਕ ਕਿਰਾਏ ਦੀ ਕਾਰ ਰਾਹੀਂ ਸਫ਼ਰ ਕਰ ਰਿਹਾ ਸੀ।
ਸਥਾਨਕ ਰਿਪੋਰਟਾਂ ਮੁਤਾਬਕ, ਸੜਕ 'ਤੇ ਜਾ ਰਹੇ ਇਸ ਪਰਿਵਾਰ ਨੂੰ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਘੇਰ ਲਿਆ ਅਤੇ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ। ਇਸੇ ਦੌਰਾਨ ਉੱਥੋਂ ਲੰਘ ਰਹੀ ਪੰਜਾਬ ਪੁਲਿਸ ਦੇ ਅਪਰਾਧ ਕੰਟਰੋਲ ਵਿਭਾਗ ਦੀ ਟੀਮ ਨੇ ਦਖ਼ਲ ਦਿੱਤਾ। ਪੁਲਿਸ ਨੂੰ ਦੇਖ ਕੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਮੁਕਾਬਲੇ ਦੌਰਾਨ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜਾਨ ਬਚਾਉਣ ਲਈ ਪੀੜਤ ਪਰਿਵਾਰ ਦੇ ਡਰਾਈਵਰ ਨੇ ਵੀ ਕਾਰ ਤੇਜ਼ੀ ਨਾਲ ਭਜਾ ਲਈ।
ਪੁਲਿਸ ਅਧਿਕਾਰੀਆਂ ਨੇ ਭੱਜ ਰਹੀ ਕਾਰ ਨੂੰ ਹੀ ਲੁਟੇਰਿਆਂ ਦੀ ਗੱਡੀ ਸਮਝ ਲਿਆ ਅਤੇ ਪਿੱਛੋਂ ਸਿੱਧੀਆਂ ਗੋਲੀਆਂ ਦਾਗ ਦਿੱਤੀਆਂ।
ਇਸ ਅੰਨ੍ਹੇਵਾਹ ਗੋਲੀਬਾਰੀ ਵਿੱਚ ਮਾਸੂਮ ਹਨੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਿਤਾ ਆਦਿਲ ਅਹਿਮਦ ਅਤੇ ਵੱਡਾ ਭਰਾ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੱਚੀ ਦੀ ਮਾਂ ਇਸ ਹਮਲੇ ਵਿੱਚ ਵਾਲ-ਵਾਲ ਬਚ ਗਈ। ਪਾਕਿਸਤਾਨ ਪੁਲਿਸ ਨੇ ਜਨਤਕ ਤੌਰ 'ਤੇ ਮੰਨਿਆ ਹੈ ਕਿ ਇਹ ਉਨ੍ਹਾਂ ਦੇ ਅਧਿਕਾਰੀਆਂ ਦੀ ਇੱਕ ਵੱਡੀ ਅਤੇ ਨਾਕਾਮ ਗ਼ਲਤੀ ਸੀ, ਜਿਨ੍ਹਾਂ ਨੇ ਨਿਯਮਾਂ (Rules of Engagement) ਦੀ ਉਲੰਘਣਾ ਕੀਤੀ। ਦੋਸ਼ੀ ਪੁਲਿਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਕੇ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇੱਕ ਬੱਚੀ ਦੀ ਛੁੱਟੀਆਂ ਦੀ ਯਾਤਰਾ ਦਾ ਇਸ ਤਰ੍ਹਾਂ ਖ਼ੂਨੀ ਦੁਖਾਂਤ ਵਿੱਚ ਬਦਲ ਜਾਣਾ ਬੇਹੱਦ ਦਰਦਨਾਕ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਅਤੇ ਜਨਤਾ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਅਸਲ ਵਿੱਚ ਉੱਥੇ ਕੀ ਹੋਇਆ ਸੀ, ਇਸ ਲਈ ਪਾਕਿਸਤਾਨ ਬਿਨਾਂ ਕਿਸੇ ਪੱਖਪਾਤ ਦੇ ਸੱਚ ਸਾਹਮਣੇ ਲਿਆਵੇ। ਦੂਜੇ ਪਾਸੇ, ਆਸਟ੍ਰੇਲੀਆਈ ਵਿਦੇਸ਼ ਮੰਤਰਾਲੇ ਨੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਕੌਂਸਲਰ ਸਹਾਇਤਾ (Consular Support) ਦੇਣੀ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.