ਤਾਜਾ ਖਬਰਾਂ
ਚੰਡੀਗੜ੍ਹ, 7 ਜੂਨ 2026– ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ 'ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਸੀਜ਼ਨ – 2 ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਐਗਰੀਕਲਚਰਲ ਮਾਰਕੀਟਿੰਗ ਬੋਰਡਾਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ, ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ, ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ, ਉਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ, ਦਿੱਲੀ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀਆਂ ਟੀਮਾਂ ਭਾਗ ਲੈਣ ਪਹੁੰਚੀਆਂ ਹਨ।
7 ਜੂਨ ਤੋਂ 12 ਜੂਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਨਾਲ ਵਿਸ਼ੇਸ਼ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੇਸ਼ ਭਰ ਤੋਂ ਪਹੁੰਚੀਆਂ ਵੱਖ – ਵੱਖ ਰਾਜਾਂ ਦੀਆਂ ਟੀਮਾਂ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਬਰਸਟ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨਾਲ ਮੁਲਾਕਾਤ ਕੀਤੀ। ਇਸਦੇ ਨਾਲ ਹੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵੀ ਸਾਰੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਖੇਡਾਂ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਲਈ ਆਫ ਸੀਜਨ ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਨੂੰ ਇਨਡੋਰ ਸਟੇਡੀਅਮ ਵਜੋਂ ਖੋਲਿਆ ਗਿਆ ਹੈ, ਜਿੱਥੇ ਮੁਫ਼ਤ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ। ਇਸਦੇ ਤਹਿਤ ਮਲੋਟ ਵਿਖੇ ਬਾਸਕਿਟ ਬਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ, ਸੁਲਤਾਨਪੁਰ ਲੋਧੀ ਵਿਖੇ ਬਾਸਕਿਟ ਬਾਲ ਅਤੇ ਰਾਮਪੁਰਾ ਫੂਲ ਮੰਡੀ ਵਿਖੇ ਬੱਚਿਆਂ ਨੂੰ ਸਕੈਟਿੰਗ ਵੀ ਸਿਖਾਈ ਜਾਂਦੀ ਹੈ।
ਸ. ਬਰਸਟ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਅਤੇ ਇਹ ਸਾਨੂੰ ਅਨੁਸ਼ਾਸਨ, ਸਮਾਂ ਪ੍ਰਬੰਧਨ ਅਤੇ ਟੀਮ ਭਾਵਨਾ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਅੱਜ ਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਬਹੁਤ ਜਰੂਰੀ ਹਨ। ਡਿਊਟੀ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਬਹੁਤ ਹੀ ਜ਼ਰੂਰੀ ਹੈ। ਰੋਜ਼ਾਨਾ ਦੇ ਰੁਝੇਵਿਆਂ ਦੇ ਵਿਚਕਾਰ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ, ਜੋ ਇਨਸਾਨ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋਤਾਜ਼ਾ ਰੱਖਦੀਆਂ ਹਨ। ਜਦੋਂ ਸਾਡਾ ਸਰੀਰ ਅਤੇ ਦਿਮਾਗ ਤੰਦਰੁਸਤ ਹੋਵੇਗਾ, ਤਾਂ ਹੀ ਅਸੀਂ ਆਪਣੇ ਕਾਰਜਾਂ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਕਰ ਸਕਾਂਗੇ।
ਸ. ਬਰਸਟ ਨੇ ਖੁਸ਼ੀ ਪ੍ਰਗਟਾਈ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇੱਕ-ਦੂਜੇ ਦੇ ਸੱਭਿਆਚਾਰ ਨੂੰ ਸਮਝਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਟੀ-20 ਕ੍ਰਿਕਟ ਟੂਰਨਾਮੈਂਟ 12 ਜੂਨ ਤੱਕ ਚੱਲੇਗਾ। ਪੰਜਾਬ ਮੰਡੀ ਬੋਰਡ ਵੱਲੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨ ਭਵਨ ਵਿਖੇ ਹੋਏ ਇਸ ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।
Get all latest content delivered to your email a few times a month.