ਤਾਜਾ ਖਬਰਾਂ
ਬਿਹਾਰ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ‘ਖਾਨ ਗਲੋਬਲ ਸਟੱਡੀਜ਼’ ਦੇ ਸੰਸਥਾਪਕ ਖਾਨ ਸਰ ਨੇ ਸ਼ਨੀਵਾਰ ਨੂੰ ਪਟਨਾ ਦੀ ਅਦਾਲਤ ਵਿੱਚ ਆਤਮ-ਸਮਰਪਣ (ਸਰੈਂਡਰ) ਕਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਦੇ ਕੋਚਿੰਗ ਇੰਸਟੀਚਿਊਟ ਵਿੱਚ ਹੋਈ ਹਿੰਸਾ ਅਤੇ ਕਥਿਤ ਫਾਇਰਿੰਗ ਦੇ ਮਾਮਲੇ ਵਿੱਚ ਹੋਈ ਹੈ। ਖਾਨ ਸਰ ‘ਤੇ ਆਪਣੇ ਨਿੱਜੀ ਸੁਰੱਖਿਆ ਗਾਰਡਾਂ ਨੂੰ ਗੋਲੀ ਚਲਾਉਣ ਲਈ ਉਕਸਾਉਣ ਦੇ ਗੰਭੀਰ ਦੋਸ਼ ਹਨ, ਜਿਸ ਕਾਰਨ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਹ ਪੂਰਾ ਵਿਵਾਦ ਬੀਤੀ 2 ਜੂਨ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਪਟਨਾ ਦੇ ਮੁਸੱਲਹਪੁਰ ਹਾਟ ਇਲਾਕੇ ਵਿੱਚ ਸਥਿਤ ਖਾਨ ਗਲੋਬਲ ਸਟੱਡੀਜ਼ ਸੰਸਥਾ ‘ਤੇ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕਰਕੇ ਭਾਰੀ ਤੋੜ-ਭੰਨ ਕੀਤੀ। ਇਸ ਹੰਗਾਮੇ ਦੌਰਾਨ ਸੰਸਥਾ ਦੇ ਸੁਰੱਖਿਆ ਗਾਰਡਾਂ ਵੱਲੋਂ ਆਪਣੀਆਂ ਰਾਈਫਲਾਂ ਨਾਲ ਕਈ ਰਾਊਂਡ ਹਵਾਈ ਫਾਇਰ ਕੀਤੇ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਿੰਸਾ ਕੋਚਿੰਗ ਇੰਸਟੀਚਿਊਟਾਂ ਦੇ ਆਪਸੀ ਦਬਦਬੇ ਅਤੇ ਵਪਾਰਕ ਦੁਸ਼ਮਣੀ ਦਾ ਨਤੀਜਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਹੋਰ ਨਾਮੀ ਕੋਚਿੰਗ ਸੈਂਟਰ ‘ਗਿਆਨ ਬਿੰਦੂ’ ਦੇ ਸੰਚਾਲਕ ਰੋਸ਼ਨ ਆਨੰਦ ਨੂੰ ਮੁੱਖ ਮੁਲਜ਼ਮ ਮੰਨਦੇ ਹੋਏ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਵਾਇਰਲ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਖਾਨ ਸਰ ਦੇ ਦੋ ਸੁਰੱਖਿਆ ਗਾਰਡਾਂ, ਪ੍ਰਦੀਪ ਅਤੇ ਤਲੇਸ਼ਵਰ ਨੂੰ ਹਿਰਾਸਤ ਵਿੱਚ ਲਿਆ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਫਾਇਰਿੰਗ ਕਰਨ ਦੀ ਗੱਲ ਕਬੂਲੀ, ਜਿਸ ਤੋਂ ਬਾਅਦ ਉਨ੍ਹਾਂ ਦੇ ਹਥਿਆਰ ਜ਼ਬਤ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਗਾਰਡਾਂ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਵਿੱਚ ਖਾਨ ਸਰ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਖਾਨ ਸਰ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਸ਼ੁੱਕਰਵਾਰ ਰਾਤ ਨੂੰ ਕੋਚਿੰਗ ਸੈਂਟਰ ‘ਤੇ ਛਾਪੇਮਾਰੀ ਕੀਤੀ ਸੀ, ਪਰ ਉਹ ਉੱਥੇ ਮੌਜੂਦ ਨਹੀਂ ਸਨ। ਇਸ ਦੌਰਾਨ ਪੁਲਿਸ ਕਾਰਵਾਈ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਭਾਰੀ ਭੀੜ ਨਾਲ ਪੁਲਿਸ ਦਾ ਸਾਹਮਣਾ ਹੋਇਆ। ਹਾਲਾਂਕਿ, ਪੁਲਿਸ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸਥਿਤੀ ‘ਤੇ ਕਾਬੂ ਪਾਇਆ ਅਤੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ। ਗ੍ਰਿਫ਼ਤਾਰੀ ਦੇ ਵਧਦੇ ਦਬਾਅ ਦੇ ਮੱਦੇਨਜ਼ਰ ਅੱਜ ਖਾਨ ਸਰ ਨੇ ਖ਼ੁਦ ਅਦਾਲਤ ਵਿੱਚ ਪੇਸ਼ ਹੋ ਕੇ ਆਤਮ-ਸਮਰਪਣ ਕਰ ਦਿੱਤਾ।
Get all latest content delivered to your email a few times a month.