ਤਾਜਾ ਖਬਰਾਂ
ਮਹਾਂਨਗਰ ਜਲੰਧਰ ਦੇ ਰਾਮਾ ਮੰਡੀ ਇਲਾਕੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 'ਚਿੱਟੇ' (ਹੈਰੋਇਨ) ਦੇ ਨਸ਼ੇੜੀ ਇੱਕ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦੇ ਮਹਿਜ਼ 16 ਦਿਨਾਂ ਦੇ ਨਵਜੰਮੇ ਬੱਚੇ ਨੂੰ ਅੰਮ੍ਰਿਤਸਰ ਦੀ ਇੱਕ ਔਰਤ ਨੂੰ 5 ਲੱਖ ਰੁਪਏ ਵਿੱਚ ਵੇਚ ਦਿੱਤਾ। ਪੁਲਿਸ ਨੇ ਪੀੜਤ ਮਾਂ ਦੀ ਸ਼ਿਕਾਇਤ 'ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖ਼ਬਰ ਮੁਤਾਬਕ, ਬੱਚੇ ਦਾ ਸੌਦਾ ਕਰਨ ਤੋਂ ਬਾਅਦ ਮੁਲਜ਼ਮ ਪਿਤਾ ਸ਼ਿਵਾ ਨੇ ਨੋਟਾਂ ਦੇ ਢੇਰ ਨਾਲ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ। ਜਿਵੇਂ ਹੀ ਬੱਚੇ ਦੀ ਮਾਂ ਦੀ ਨਜ਼ਰ ਉਸ ਸਟੋਰੀ 'ਤੇ ਪਈ, ਮੁਲਜ਼ਮ ਨੇ ਤੁਰੰਤ ਉਸ ਨੂੰ ਡਿਲੀਟ ਕਰ ਦਿੱਤਾ। ਇਸ ਰਕਮ ਨਾਲ ਮੁਲਜ਼ਮ ਨੇ ਘਰ ਲਈ ਐਲਈਡੀ ਟੀਵੀ, ਏਅਰ ਕੂਲਰ ਅਤੇ ਹੋਰ ਸਮਾਨ ਖਰੀਦਿਆ। ਜਦੋਂ ਮਾਂ ਨੇ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਝੂਠ ਬੋਲਿਆ ਕਿ ਬੱਚਾ ਮਰ ਚੁੱਕਾ ਹੈ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਉਸ ਨੇ ਨਵਾਂ ਪਿਸਤੌਲ ਖਰੀਦਣ ਦਾ ਦਾਅਵਾ ਕਰਦਿਆਂ ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਪੀੜਤ ਮਾਂ ਸ਼ਿਵਾਨੀ ਨੇ ਦੱਸਿਆ ਕਿ ਉਹ, ਉਸ ਦਾ ਪਹਿਲਾ ਪਤੀ ਸ਼ਿਵਾ ਅਤੇ ਮੌਜੂਦਾ ਪਤੀ ਮਾਲਵਿੰਦਰ ਅੱਠਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਸਨ। 2010 ਵਿੱਚ ਉਸ ਨੇ ਸ਼ਿਵਾ ਨਾਲ ਪ੍ਰੇਮ ਵਿਆਹ ਕਰਵਾਇਆ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਪਰ ਘਰੇਲੂ ਕਲੇਸ਼ ਕਾਰਨ 2022 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਸ਼ਿਵਾਨੀ ਨੇ ਆਪਣੇ ਦੂਜੇ ਜਮਾਤੀ ਮਾਲਵਿੰਦਰ (ਫੋਟੋਗ੍ਰਾਫਰ) ਨਾਲ ਵਿਆਹ ਕਰ ਲਿਆ। ਕੁਝ ਸਮਾਂ ਪਹਿਲਾਂ ਮਾਲਵਿੰਦਰ ਨਾਲ ਝਗੜਾ ਹੋਣ ਕਾਰਨ ਉਹ ਕਿਰਾਏ ਦੇ ਕਮਰੇ ਵਿੱਚ ਇਕੱਲੀ ਰਹਿ ਰਹੀ ਸੀ ਅਤੇ ਗਰਭਵਤੀ ਸੀ।
ਜਦੋਂ ਪਹਿਲੇ ਪਤੀ ਸ਼ਿਵਾ ਨੂੰ ਪਤਾ ਲੱਗਾ ਕਿ ਸ਼ਿਵਾਨੀ ਇਕੱਲੀ ਹੈ, ਤਾਂ ਉਹ ਮਦਦ ਦੇ ਬਹਾਨੇ ਨੇੜੇ ਆਇਆ ਅਤੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ। 25 ਮਈ ਨੂੰ ਟੀਕਾਕਰਨ ਦੇ ਬਹਾਨੇ ਸ਼ਿਵਾ ਨੇ ਇੱਕ ਅਣਜਾਣ ਔਰਤ ਨੂੰ ਕਮਰੇ ਵਿੱਚ ਭੇਜਿਆ। ਜਦੋਂ ਸ਼ਿਵਾਨੀ ਵਾਸ਼ਰੂਮ ਗਈ, ਤਾਂ ਉਹ ਔਰਤ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ।
ਬੱਚਾ ਗਾਇਬ ਹੋਣ ਦੇ ਚਾਰ ਦਿਨਾਂ ਬਾਅਦ ਸ਼ਿਵਾਨੀ ਨੂੰ ਅੰਮ੍ਰਿਤਸਰ ਦੀ ਇੱਕ ਔਰਤ ਦਾ ਫ਼ੋਨ ਆਇਆ। ਉਸ ਔਰਤ ਨੇ ਕਿਹਾ ਕਿ ਬੱਚਾ ਲਗਾਤਾਰ ਰੋ ਰਿਹਾ ਹੈ ਅਤੇ ਉਹ ਇਸ ਨੂੰ ਸੰਭਾਲ ਨਹੀਂ ਸਕਦੀ, ਇਸ ਲਈ ਉਹ ਆਪਣੇ ਪੈਸੇ ਵਾਪਸ ਲੈ ਕੇ ਬੱਚਾ ਲੈ ਜਾਵੇ। ਜਦੋਂ ਸ਼ਿਵਾਨੀ ਨੇ ਕਾਲ ਰਿਕਾਰਡ ਕਰਨੀ ਚਾਹੀ ਤਾਂ ਔਰਤ ਨੇ ਫ਼ੋਨ ਬੰਦ ਕਰ ਦਿੱਤਾ।
ਦੂਜੇ ਪਤੀ ਅਤੇ ਸੱਸ ਦੇ ਡਰੋਂ ਸ਼ਿਵਾਨੀ ਨੇ ਪਹਿਲਾਂ ਖੁਦ ਬੱਚੇ ਦੀ ਭਾਲ ਕੀਤੀ, ਪਰ ਅਖੀਰ ਹਿੰਮਤ ਕਰਕੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਇਸ ਤੋਂ ਬਾਅਦ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਕਮਿਸ਼ਨਰ ਨੇ ਰਾਮਾ ਮੰਡੀ ਥਾਣੇ ਦੇ ਐਸਐਚਓ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਵਾਨੀ ਨੇ ਦੋਸ਼ ਲਾਇਆ ਕਿ ਸ਼ਿਵਾ ਅਤੇ ਉਸ ਦੀ ਦੂਜੀ ਪਤਨੀ ਚਿੱਟੇ ਦੀ ਤਸਕਰੀ ਕਰਦੇ ਹਨ ਅਤੇ ਸ਼ਿਵਾ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
Get all latest content delivered to your email a few times a month.